Tuesday, February 17Malwa News
Shadow

ਕਿਸਾਨ ਵਧ ਰਹੇ ਤਾਪਮਾਨ ਦੇ ਪ੍ਰਭਾਵ ਨੂੰ ਘਟਾਉਣ ਅਤੇ ਮੌਸਮ ਦੇ ਆਧਾਰ ‘ਤੇ ਆਪਣੀਆਂ ਫ਼ਸਲਾਂ ਦੀ ਸਿੰਚਾਈ ਕਰਨ – ਡਾ. ਭੁਪਿੰਦਰ ਸਿੰਘ

ਖਡੂਰ ਸਾਹਿਬ, 17 ਫਰਵਰੀ (      ) –
      ਕਣਕ ਦੀ ਬਿਜਾਈ ਤੋਂ ਲੈ ਕੇ ਕੱਟਣ ਤੱਕ ਤਾਪਮਾਨ ਦੀ ਅਹਿਮੀਅਤ ਕਣਕ ਦੀ ਪੈਦਾਵਾਰ, ਦਾਣੇ ਦੀ ਗੁਣਵੱਤਾ ਅਤੇ ਫ਼ਸਲ ਦੀ ਮਿਆਦ ‘ਤੇ ਸਿੱਧਾ ਅਸਰ ਪਾਉਂਦੀ ਹੈ। ਜ਼ਿਲ੍ਹਾ ਤਰਨ ਤਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਤੇਜਬੀਰ ਸਿੰਘ ਭੰਗੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਸਹੀ ਅਤੇ ਸਟੀਕ ਜਾਣਕਾਰੀ ਦੇਣ ਵਾਸਤੇ ਖੇਤੀਬਾੜੀ ਵਿਭਾਗ ਵੱਲੋਂ ਪਿੰਡਾਂ ਵਿੱਚ ਜਾ ਕੇ ਪ੍ਰਸਾਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਬਲਾਕ ਖਡੂਰ ਸਾਹਿਬ ਦੇ ਖੇਤੀਬਾੜੀ ਅਫਸਰ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਡਾ. ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਨੇ ਨਾਗੋਕੇ, ਕੱਲਾ, ਵੇਈਂ ਪੂਈਂ, ਖਵਾਸਪੁਰ, ਭਰੋਵਾਲ ਆਦਿ ਪਿੰਡਾਂ ਦਾ ਦੌਰਾ ਕੀਤਾ । ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਫਰਵਰੀ ਮਹੀਨੇ ‘ਚ ਜ਼ਿਲ੍ਹੇ ‘ਚ ਤਾਪਮਾਨ 28-30 ਡਿਗਰੀ ਦੇ ਆਸ-ਪਾਸ ਪਹੁੰਚ ਗਿਆ ਹੈ। ਇਸ ਕਾਰਨ ਕਿਸਾਨ ਕਣਕ ਦੀ ਫ਼ਸਲ ਨੂੰ ਲੈ ਕੇ ਬਹੁਤ ਚਿੰਤਤ ਦਿਖਾਈ ਦੇ ਰਹੇ ਹਨ। ਕਿਸਾਨ ਚਿੰਤਿਤ ਹਨ ਕਿ ਜਿਸ ਤਰ੍ਹਾਂ ਤਾਪਮਾਨ ਲਗਾਤਾਰ ਵਧ ਰਿਹਾ ਹੈ ਅਜਿਹੀ ਸਥਿਤੀ ‘ਚ ਕਣਕ ਦੀ ਫ਼ਸਲ ਦਾ ਝਾੜ ਪ੍ਰਭਾਵਿਤ ਹੋ ਸਕਦਾ ਹੈ, ਦਾਣੇ ਸੁੰਗੜ ਸਕਦੇ ਹਨ ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ।

       ਗੱਲਬਾਤ ਕਰਦਿਆਂ ਡਾ. ਭੁਪਿੰਦਰ ਸਿੰਘ ਨੇ ਕਿਸਾਨਾਂ ਨੂੰ ਵੱਧ ਰਹੇ ਤਾਪਮਾਨ ਦੇ ਪ੍ਰਭਾਵ ਨੂੰ ਘਟਾਉਣ ਅਤੇ ਮੌਸਮ ਦੇ ਆਧਾਰ ਤੇ ਆਪਣੀਆਂ ਫਸਲਾਂ ਦੀ ਸਿੰਚਾਈ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 30 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ ਵੱਲੋਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਨਹੀਂ ਹੈ ਫਿਰ ਵੀ ਉਨ੍ਹਾਂ ਨੂੰ ਲੋੜ ਅਨੁਸਾਰ ਫਸਲਾਂ ਨੂੰ ਸਿੰਚਾਈ ਕਰਨੀ ਚਾਹੀਦੀ ਹੈ ।
ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਜੇਕਰ ਤਾਪਮਾਨ ਵਿੱਚ ਵਾਧਾ ਬਰਕਰਾਰ ਰਹਿੰਦਾ ਹੈ ਤਾਂ ਕਣਕ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਖ਼ਤਰਾ ਹੁੰਦਾ ਹੈ, ਪਰ ਜਦੋਂ ਵੀ ਦੁਪਹਿਰ ਵੇਲੇ ਮੌਸਮ ਗਰਮ ਹੁੰਦਾ ਹੈ, ਤਾਂ ਸਵੇਰੇ ਸ਼ਾਮ ਦੀ ਹਲਕੀ ਠੰਢ ਵੀ ਫਸਲ ਨੂੰ ਠੰਢਕ ਪ੍ਰਦਾਨ ਕਰਦੀ ਹੈ, ਇਸ ਕਰਕੇ ਜਿਆਦਾ ਚਿੰਤਾ ਕਰਨ ਦੀ ਲੋੜ ਨਹੀਂ ।

      ਕਿਸਾਨਾਂ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿੱਚ ਤਾਪਮਾਨ ਦਾ 28-30 ਡਿਗਰੀ ਸੈਂਟੀਗਰੇਡ ਹੋਣਾ ਦਾਣਿਆਂ ਨੂੰ ਪੁੰਗਰਨ ‘ਚ ਮੁਸ਼ਕਿਲ ਪੈਦਾ ਕਰਦਾ ਹੈ। ਇਨ੍ਹਾਂ ਦਿਨਾਂ ਦੌਰਾਨ ਕਾਫ਼ੀ ਠੰਢਾ ਮੌਸਮ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ। ਵਧਦੀ ਗਰਮੀ ਕਾਰਨ ਕਣਕ ਦੀ ਪੈਦਾਵਾਰ ਕਮਜ਼ੋਰ ਹੋਣ ਦੀ ਸੰਭਾਵਨਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਫਰਵਰੀ ਮਹੀਨੇ ਦੇ ਆਖਰੀ ਹਫ਼ਤੇ ਕਣਕ ਦੀ ਫ਼ਸਲ ਜਿਆਦਾ ਉੱਗਦੀ ਹੈ ਤੇ ਬਿਹਤਰ ਵਧਦੀ ਹੈ, ਪਰ ਇਸ ਵਾਰ ਦਿਨ ਦੇ ਤਾਪਮਾਨ ‘ਚ ਵਾਧੇ ਕਾਰਨ ਫ਼ਸਲ ਦਾ ਆਕਾਰ ਮੁਕਾਬਲਤਨ ਛੋਟਾ ਰਹਿ ਰਿਹਾ ਹੈ। ਜੇਕਰ ਸਮੇਂ ਸਿਰ ਮੀਹ ਨਾ ਪਵੇ ਤਾਂ ਵਧਦੇ ਤਾਪਮਾਨ ਕਾਰਨ ਕਣਕ ਦੇ ਦਾਣੇ ਕਮਜ਼ੋਰ ਤੇ ਪਤਲੇ ਹੋ ਸਕਦੇ ਹਨ। ਇਸ ਸਮੇਂ ਉਨ੍ਹਾਂ ਦੇ ਨਾਲ ਦਿਲਬਾਗ ਸਿੰਘ, ਸੰਤੋਖ ਸਿੰਘ ਬਲਦੇਵ ਸਿੰਘ ਤੇ ਪਿੰਡ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ ।