Monday, February 16Malwa News
Shadow

ਰੰਗਲੇ ਪੰਜਾਬ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਲੋਕਾਂ ਦੇ ਸਹਿਯੋਗ ਦੀ ਸਖ਼ਤ ਲੋੜ – ਵਿਧਾਇਕ ਮਾਲੇਰਕੋਟਲਾ

ਮਾਲੇਰਕੋਟਲਾ, 16 ਫਰਵਰੀ:-                   ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ, ਉਦਯੋਗ ਅਤੇ ਵਣਜ ਵਿਭਾਗ ਵੱਲੋਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਆਯੋਜਿਤ ਤਿੰਨ ਰੋਜ਼ਾ “ਸੂਫ਼ੀ ਫੈਸਟੀਵਲ” ਅਤੇ “ਪੰਜਾਬ ਸਖੀ ਸ਼ਕਤੀ ਮੇਲਾ” ਮਾਲੇਰਕੋਟਲਾ ਵਾਸੀਆਂ ਦੇ ਦਿਲਾਂ ਵਿੱਚ ਅਮਿੱਟ ਯਾਦਾਂ ਛੱਡਦੇ ਹੋਏ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਸਮਾਗਮ ਨੇ ਸੂਫ਼ੀ ਰਿਵਾਇਤਾਂ, ਲੋਕ ਵਿਰਾਸਤ ਅਤੇ ਮਹਿਲਾ ਸਸ਼ਕਤੀਕਰਨ ਦਾ ਸੁੰਦਰ ਮਿਲਾਪ ਪੇਸ਼ ਕੀਤਾ।
ਆਖ਼ਰੀ ਦਿਨ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਐਸ.ਐਸ.ਪੀ. ਗਗਨ ਅਜੀਤ ਸਿੰਘ, ਐਸ.ਡੀ.ਐਮ. ਮਾਲੇਰਕੋਟਲਾ ਗੁਰਮੀਤ ਕੁਮਾਰ ਬਾਂਸਲ, ਐਸ.ਡੀ.ਐਮ ਅਮਰਗੜ੍ਹ ਸੁਰਿੰਦਰ ਕੌਰ, ਜ਼ਿਲ੍ਹਾ ਮਾਲ ਅਫ਼ਸਰ ਮਨਦੀਪ ਕੌਰ, ਸੀ.ਡੀ.ਪੀ.ਓ ਪਵਨ ਕੁਮਾਰ, ਵਿਧਾਇਕ ਮਾਲੇਰਕੋਟਲਾ ਦੀ ਸਰੀਕ-ਏ-ਹਯਾਤ ਫਰਿਆਲ ਰਹਿਮਾਨ, ਕੋਆਰਡੀਨੇਟਰ ਯੂਥ ਵਿੰਗ ਹਲਕਾ ਮਾਲੇਰਕੋਟਲਾ ਏ.ਕੇ.ਵਾਈ. ਮੂਨਿਸ ਰਹਿਮਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜ਼ਿਲਾ ਨਿਵਾਸੀਆਂ ਨੇ ਸਮੂਲੀਅਤ ਕੀਤੀ ।
          ਵਿਧਾਇਕ ਰਹਿਮਾਨ ਨੇ ਜ਼ਿਲਾ ਵਾਸੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਹੈ ਕਿ ਸਰਦਾਰ ਭਗਵੰਤ ਸਿੰਘ ਦੀ ਅਗਵਾਈ ਹੇਠ ਸਰਕਾਰ ਰੰਗਲੇ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸੂਫ਼ੀ ਸੰਗੀਤ, ਅਮੀਰ ਸੱਭਿਆਚਾਰ ਵਿਰਾਸਤ ਅਤੇ ਭਾਈਚਾਰਕ ਇਕਤਾ ਪੰਜਾਬ ਦੀ ਅਸਲ ਪਹਿਚਾਣ ਹਨ ਅਤੇ ਇਨ੍ਹਾਂ ਮੁੱਲਾਂ ਨੂੰ ਅੱਗੇ ਵਧਾਉਣ ਲਈ ਲੋਕ ਸਹਿਯੋਗ ਅਤਿ ਜ਼ਰੂਰੀ ਹੈ।
                      ਉਨ੍ਹਾਂ ਮਾਲੇਰਕੋਟਲਾ ਦੀ ਧਰਤੀ ਨੂੰ ਸੂਫ਼ੀ ਪਰੰਪਰਾਵਾਂ ਅਤੇ ਭਾਈਚਾਰਕ ਸਾਂਝ ਦੀ ਧਰਤੀ ਕਰਾਰ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਨਵੀਂ ਪੀੜ੍ਹੀ ਨੂੰ ਸਾਂਝੀਵਾਲਤਾ ਦੀਆਂ ਕਦਰਾਂ ਕੀਮਤਾਂ ਬਾਰੇ ਜਾਣੂ ਕਰਵਾਉਂਦੇ ਹਨ ਅਤੇ ਉਨ੍ਹਾਂ ਆਪਣੀ ਸੰਸਕ੍ਰਿਤੀ ਨਾਲ ਜੋੜਦੇ ਹਨ। ਮੇਲੇ ਦੌਰਾਨ ਸਵੈ ਸਹਾਇਤਾ ਗਰੁੱਪਾਂ ਦੀਆਂ ਮਹਿਲਾਵਾਂ ਵੱਲੋਂ ਤਿਆਰ ਉਤਪਾਦਾਂ ਦੀ ਪ੍ਰਦਰਸ਼ਨੀ ਅਤੇ ਵਿਕਰੀ ਰਾਹੀਂ ਉਨ੍ਹਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਵੱਲ ਅਹਿਮ ਕਦਮ ਚੁੱਕਿਆ ਗਿਆ।ਸੂਫ਼ੀ ਫੈਸਟੀਵਲ ਦੌਰਾਨ ਮਸ਼ਹੂਰ ਫ਼ਨਕਾਰਾਂ ਅਲੀ ਜ਼ੈਨ,ਕਮਲ ਖਾਨ ਅਤੇ ਸਲਾਮਤ ਅਲੀ ਨੇ ਆਪਣੀ ਰੂਹਾਨੀ ਪੇਸ਼ਕਾਰੀਆਂ ਨਾਲ ਦਰਸ਼ਕਾਂ ਨੂੰ ਮੋਹ ਲਿਆ।
             ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਸਮਾਗਮ ਦੀ ਸਫਲਤਾ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸ਼ਹਿਰ ਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਤਨਦੇਹੀ, ਸਮਰਪਣ ਅਤੇ ਸਹਿਯੋਗ ਸਦਕਾ ਇਹ ਤਿੰਨ ਰੋਜ਼ਾ ਮੇਲਾ ਪੂਰੀ ਅਮਨ-ਅਮਾਨ ਨਾਲ ਸੰਪੰਨ ਹੋਇਆ। ਉਨ੍ਹਾਂ ਭਵਿੱਖ ਵਿੱਚ ਵੀ ਅਜਿਹੇ ਸੱਭਿਆਚਾਰਕ ਉਪਰਾਲਿਆਂ ਨੂੰ ਹੋਰ ਵਧਾਵਾ ਦੇਣ ਦੀ ਵਚਨਬੱਧਤਾ ਦੁਹਰਾਈ।