Sunday, February 15Malwa News
Shadow

ਸਰਕਾਰੀ ਮਿਡਲ ਸਕੂਲ ਬਲਬੀਰ ਬਸਤੀ ਵਿਖੇ ਅੱਖਾਂ ਦਾ ਵਿਸ਼ਾਲ ਮੁਫਤ ਚੈਕਅਪ ਅਤੇ ਅਪ੍ਰੇਸ਼ਨ ਕੈਂਪ ਲਗਾਇਆ ਗਿਆ

 ਸ੍ਰੀ ਮੁਕਤਸਰ ਸਾਹਿਬ/ਫਰੀਦਕੋਟ 15 ਫਰਵਰੀ – ਮੁਕਤੀਸਰ ਵੈਲਫੇਅਰ ਕਲੱਬ (ਰਜਿ) ਸ਼੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਸਰਕਾਰੀ ਮਿਡਲ ਸਕੂਲ ਬਲਬੀਰ ਬਸਤੀ ਬਲਬੀਰ ਐਵਨਿਊ ਫਰੀਦਕੋਟ ਵਿਖੇ ਆਯੋਜਿਤ ਵਿਸ਼ਾਲ ਮੁਫਤ ਚੈਕਅਪ ਅਤੇ ਅਪ੍ਰੇਸ਼ਨ ਕੈਂਪ ਲਗਾਇਆ ਗਿਆ । ਇਸ ਦਾ ਉਦਘਾਟਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ। ਇਸ ਕੈਂਪ ਵਿਚ ਪ੍ਰੋਫੈਸਰ ਸਾਧੂ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਮੌਕੇ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਵੀ ਹਾਜਰ ਸਨ। ਐਨ ਆਰ ਆਈ ਦਲਜੀਤ ਸਿੰਘ ਬੁੱਟਰ ਵੀ ਇਟਲੀ ਤੋਂ ਵਿਸ਼ੇਸ਼ ਤੌਰ ਤੇ ਕੈਂਪ ਵਿੱਚ ਪਹੁੰਚੇ।।

ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਾਡੇ ਬਜੁਰਗ ਸਾਡਾ ਮਾਣ ਮੁਹਿੰਮ ਚਲਾਈ ਗਈ ਹੈ। ਇਸੇ ਮੁਹਿੰਮ ਨੂੰ ਜਾਰੀ ਰੱਖਦਿਆਂ ਫਰੀਦਕੋਟ ਵਿਖੇ ਅੱਖਾਂ ਦਾ ਮੁਫਤ ਚੈਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਜਿਸ ਵਿਚ ਸਿਵਲ ਹਸਪਤਾਲ ਤੋਂ ਸਾਰੇ ਮਾਹਿਰ ਡਾਕਟਰ ਇਸ ਕੈਂਪ ਵਿਚ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਮੈਂ ਖੁਦ ਇਸ ਕੈਂਪ ਵਿਚ ਅੱਖਾਂ ਦੇ ਮਰੀਜਾਂ ਦਾ ਚੈਕਅਪ ਕੀਤਾ ਅਤੇ ਇਸ ਕੈਂਪ ਵਿਚ ਮਰੀਜਾਂ ਨੂੰ ਐਨਕਾਂ ਅਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਜਿਹੜੇ ਮਰੀਜਾਂ ਦੇ ਅਪ੍ਰੇਸ਼ਨ ਹੋਣੇ ਹਨ, ਉਨ੍ਹਾਂ ਨੂੰ ਤਰੀਕਾਂ ਦਿੱਤੀਆਂ ਹਨ, ਇਨ੍ਹਾਂ ਤਰੀਕਾਂ ਅਨੁਸਾਰ ਹੀ ਮਰੀਜਾਂ ਦਾ ਅਪ੍ਰੇਸ਼ਨ ਕੀਤਾ ਜਾਵੇਗਾ। ਉਨ੍ਹਾਂ ਐਨ.ਜੀ.ਓਜ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੈਂਪ ਵਿਚ ਉਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ।

ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਿਹਤ ਸਹੂਲਤਾਂ ਦੇ ਵਿਸਥਾਰ ਲਈ ਜਿੱਥੇ ਯਤਨ ਕਰ ਰਹੀ ਹੈ, ਉਥੇ ਸਮਾਜਿਕ ਤੌਰ ਤੇ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਲੱਗਣ ਨਾਲ ਅਸੀਂ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਦੇ ਟੀਚੇ ਦੀ ਪ੍ਰਾਪਤੀ ਵੱਲ ਵਧ ਰਹੇ ਹਾਂ। ਉਨ੍ਹਾਂ ਕਿਹਾ ਕਿ ਇਸ ਲੋਕ-ਹਿਤੈਸ਼ੀ ਉਪਰਾਲੇ ਨੇ ਸੇਵਾ, ਸੰਵੇਦਨਾ ਅਤੇ ਸਮਰਪਣ ਦੀ ਅਮਿੱਟ ਛਾਪ ਛੱਡੀ। ਇਲਾਕੇ ਦੇ ਬਹੁਤ ਸਾਰੇ ਲੋਕਾਂ ਨੇ ਕੈਂਪ ਵਿੱਚ ਪਹੁੰਚ ਕੇ ਆਪਣੀਆਂ ਅੱਖਾਂ ਦੀ ਸੰਪੂਰਨ ਜਾਂਚ ਕਰਵਾਈ ਅਤੇ ਉੱਚ ਕੋਟੀ ਦੀ ਸਿਹਤ ਸਲਾਹ ਪ੍ਰਾਪਤ ਕੀਤੀ।

ਇਸ ਮੌਕੇ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋ ਨੇ ਕਿਹਾ ਕਿ ਲੋਕਾਂ ਦੀ ਸਿਹਤ ਦੀ ਰੱਖਿਆ ਪੰਜਾਬ ਸਰਕਾਰ ਦਾ ਅਟੱਲ ਸੰਕਲਪ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਹਤ ਖੇਤਰ ਵਿੱਚ ਇਤਿਹਾਸਕ ਕਦਮ ਚੁੱਕੇ ਗਏ ਹਨ। ਪਿੰਡ ਪੱਧਰ ਤੱਕ ਸਿਹਤ ਸਹੂਲਤਾਂ ਦਾ ਵਿਸਤਾਰ, ਆਮ ਜਨਤਾ ਲਈ ਮੁਫ਼ਤ ਇਲਾਜ ਯੋਜਨਾਵਾਂ, ਸਰਕਾਰੀ ਅਸਪਤਾਲਾਂ ਵਿੱਚ ਸੁਵਿਧਾਵਾਂ ਦਾ ਆਧੁਨਿਕੀਕਰਨ ਅਤੇ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਨਾਉਣਾ ਇਸਦੀ ਜੀਵੰਤ ਮਿਸਾਲ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਨੂੰ ਧਿਆਨ ਚ ਰੱਖਦਿਆ ਬਹੁਤ ਉਪਰਾਲੇ ਕੀਤੇ ਜਾਂਦੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਵੀ ਬਹੁਤ ਲੋਕ ਹੁੰਦੇ ਹਨ। ਜਿਨ੍ਹਾਂ ਤੋੰ ਹਸਪਤਾਲ ਤੱਕ ਵੀ ਨਹੀਂ ਜਾਇਆ ਜਾਂਦਾ। ਅਜਿਹੇ ਲੋਕਾਂ ਦੀ ਸਹੂਲਤ ਲਈ ਅੱਜ ਫਰੀਦਕੋਟ ਵਿਖੇ ਵਿਸ਼ਾਲ ਅੱਖਾਂ ਦਾ ਕੈਂਪ ਲਗਾਇਆ ਗਿਆ ਹੈ। ਇਸ ਕੈਂਪ ਵਿਚ ਲੋਕਾਂ ਦੀਆਂ ਅੱਖਾਂ ਦਾ ਮੁਫਤ ਇਲਾਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਂਪ ਵਿਚ ਮਰੀਜਾਂ ਦੇ ਬੈਠਣ ਅਤੇ ਚਾਹ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ।