
ਧੂਰੀ, 14 ਫ਼ਰਵਰੀ:-ਧੂਰੀ ਵਾਸੀਆਂ ਦੀ ਵੱਡੀ ਮੰਗ ਨੂੰ ਪੂਰਾ ਕਰਦਿਆਂ ਅੱਜ ਧੂਰੀ ਸ਼ਹਿਰ ਦੇ ਬਾਈਪਾਸ ਦੇ ਪੁੱਲ ਤੋਂ ਉਤਰਦਿਆਂ ਨਾਨਕਸਰ ਗੁਰਦੁਆਰਾ ਸਾਹਿਬ ਤੋਂ ਮਾਲੇਰਕੋਟਲਾ ਚੌਕ ਤੱਕ ਬਰਸਾਤੀ ਪਾਣੀ ਦੀ ਸੁਚੱਜੀ ਨਿਕਾਸੀ ਲਈ ਸੜਕ ਦੇ ਦੋਵੇਂ ਪਾਸੇ ਕਰੀਬ 1 ਕਿਲੋਮੀਟਰ ਲੰਬੀ ਡਰੇਨ ਦੇ ਕੰਮ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਸ. ਸੁਖਵੀਰ ਸਿੰਘ ਵੱਲੋਂ ਕਰਵਾਈ ਗਈ। ਇਸ ਡਰੇਨ ਦੇ ਨਿਰਮਾਣ, ਸੜਕ ਦੀ ਮੁਰੰਮਤ ਅਤੇ ਇੰਟਰਲਾਕ ਟਾਈਲਾਂ ਲਗਾਉਣ ’ਤੇ ਲਗਭਗ 1 ਕਰੋੜ 80 ਲੱਖ ਰੁਪਏ ਦੀ ਲਾਗਤ ਆਵੇਗੀ।
ਇਸ ਮੌਕੇ ਓ.ਐਸ.ਡੀ. ਸ. ਸੁਖਵੀਰ ਸਿੰਘ ਨੇ ਕਿਹਾ ਕਿ ਧੂਰੀ ਦੇ ਵਾਰਡ ਨੰਬਰ 18, 19, 20 ਅਤੇ 21 ਦੇ ਵਸਨੀਕਾਂ ਨੂੰ ਬਰਸਾਤ ਦੌਰਾਨ ਖੜਦੇ ਪਾਣੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਇਸ ‘ਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਤੁਰੰਤ ਕਾਰਵਾਈ ਕਰਦਿਆਂ ਸੜਕ ਦੇ ਦੋਵੇਂ ਪਾਸੇ ਡਰੇਨ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਅਤੇ ਅੱਜ ਇਸ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।
ਉਨ੍ਹਾਂ ਹੋਰ ਦੱਸਿਆ ਕਿ ਕਰੀਬ 1 ਕਿਲੋਮੀਟਰ ਲੰਬੀ ਬਣਨ ਵਾਲੀ ਇਸ ਡਰੇਨ ਦੇ ਨਾਲ-ਨਾਲ ਸੜਕ ਦੀ ਰਿਪੇਅਰ ਵੀ ਕੀਤੀ ਜਾਵੇਗੀ ਅਤੇ ਬਾਕੀ ਹਿੱਸੇ ’ਤੇ ਬਲਾਕ ਟਾਈਲਾਂ ਲਗਾਈਆਂ ਜਾਣਗੀਆਂ, ਜਿਸ ਨਾਲ ਸੜਕ ਦੀ ਮਜ਼ਬੂਤੀ ਅਤੇ ਸੁੰਦਰਤਾ ਵਿੱਚ ਵਾਧਾ ਹੋਵੇਗਾ।
ਓ.ਐਸ.ਡੀ. ਨੇ ਕਿਹਾ ਕਿ ਬਾਈਪਾਸ ਤੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਵਾਹਨ ਗੁਜ਼ਰਦੇ ਹਨ ਅਤੇ ਬਰਸਾਤ ਦੇ ਦੌਰਾਨ ਪੁਲ ਤੋਂ ਪਾਣੀ ਥੱਲੇ ਆਉਣ ਕਾਰਨ ਸੜਕ ਉੱਤੇ ਪਾਣੀ ਖੜਾ ਹੋ ਜਾਂਦਾ ਸੀ, ਜਿਸ ਨਾਲ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਡਰੇਨ ਦੇ ਨਿਰਮਾਣ ਨਾਲ ਬਰਸਾਤੀ ਪਾਣੀ ਦੀ ਨਿਕਾਸੀ ਸੁਚਾਰੂ ਹੋਵੇਗੀ ਅਤੇ ਪਾਣੀ ਖੜਾ ਹੋਣ ਦੀ ਸਮੱਸਿਆ ਦਾ ਸਥਾਈ ਹੱਲ ਹੋਵੇਗਾ।
ਇਸ ਉਪਰੰਤ ਓ.ਐਸ.ਡੀ. ਸ. ਸੁਖਵੀਰ ਸਿੰਘ ਨੇ ਪਿੰਡ ਕਿਲ੍ਹਾ ਹਕੀਮਾਂ ਵਿਖੇ 40.24 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੀਆਂ ਇੰਟਰਲਾਕ ਟਾਈਲਾਂ ਦੇ ਕੰਮ ਦੀ ਵੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਸੜਕ ਦੇ ਦੋਵੇਂ ਪਾਸੇ 5-5 ਫੁੱਟ ਚੌੜਾਈ ਵਿੱਚ ਟਾਈਲਾਂ ਲਗਣ ਨਾਲ ਸੜਕ ਦੀਆਂ ਬਰਮਾ ਮਜ਼ਬੂਤ ਹੋਣਗੀਆਂ ਅਤੇ ਰਾਹਗੀਰਾਂ, ਖ਼ਾਸ ਕਰਕੇ ਪੈਦਲ ਚੱਲਣ ਵਾਲਿਆਂ ਨੂੰ ਵੱਡਾ ਲਾਭ ਮਿਲੇਗਾ।
ਇਸ ਮੌਕੇ ਪੰਜਾਬ ਵਕਫ਼ ਬੋਰਡ ਦੇ ਮੈਂਬਰ ਡਾ. ਅਨਵਰ ਭਸੌੜ, ਪੰਜਾਬ ਸਟੇਟ ਟਰੇਡਰਸ ਕਮਿਸ਼ਨ ਧੂਰੀ ਦੇ ਚੇਅਰਮੈਨ ਪੁਸ਼ਪਿੰਦਰ ਸ਼ਰਮਾ ਪੁਸ਼ਪਿੰਦਰ ਸ਼ਰਮਾ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਜਿੰਦਰ ਸਿੰਘ ਕਾਂਝਲਾ, ਰਮਨਦੀਪ ਸਿੰਘ ਅਤੇ ਐੱਸ.ਡੀ.ਓ. ਨਵਦੀਪ ਬਾਂਸਲ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਮੌਜੂਦ ਸਨ।