Friday, September 19Malwa News
Shadow

ਸੂਬੇ ਵਿੱਚ ਹੁਣ ਤੱਕ 100 ਲੱਖ ਮੀਟਰਿਕ ਟਨ ਤੋਂ ਵੱਧ ਕਣਕ ਦੀ ਆਮਦ, 95 ਫੀਸਦੀ ਫਸਲ ਖਰੀਦੀ: ਅਨੁਰਾਗ ਵਰਮਾ

ਚੰਡੀਗੜ੍ਹ, 30 ਅਪਰੈਲ : ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਕਿਹਾ ਕਿ ਪੰਜਾਬ ਵਿੱਚ ਕਣਕ ਦੀ ਨਿਰਵਿਘਨ ਖਰੀਦ ਸਦਕਾ ਹੁਣ ਤੱਕ ਮੰਡੀਆਂ ਵਿੱਚ ਪਹੁੰਚੀ 100.58 ਲੱਖ ਮੀਟਰਿਕ ਟਨ ਵਿੱਚੋਂ 95 ਫੀਸਦੀ ਤੋਂ ਵੱਧ ਫਸਲ ਖਰੀਦੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਫਸਲ ਵੇਚ ਚੁੱਕੇ ਸਾਰੇ ਕਿਸਾਨਾਂ ਨੂੰ 100 ਫੀਸਦੀ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ ਜਿਸ ਤਹਿਤ 17340.40 ਕਰੋੜ ਰੁਪਏ ਖਾਤਿਆਂ ਵਿੱਚ ਅਦਾ ਕੀਤੇ ਜਾ ਚੁੱਕੇ ਹਨ।

ਸੂਬੇ ਵਿੱਚ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਅੱਜ ਇਥੇ ਖਰੀਦ ਏਜੰਸੀਆਂ ਦੇ ਉਚ ਅਧਿਕਾਰੀਆਂ ਅਤੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਦੌਰਾਨ ਮੁੱਖ ਸਕੱਤਰ ਸ੍ਰੀ ਵਰਮਾ ਨੇ ਨਿਰਦੇਸ਼ ਦਿੱਤੇ ਕਿ ਇਸ ਗੱਲ ਨੂੰ ਹਰ ਹਾਲ ਵਿੱਚ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਕਿਸਾਨ ਨੂੰ ਆਪਣੀ ਫਸਲ ਮੰਡੀ ਵਿੱਚ ਵੇਚਣ ਲਈ ਕੋਈ ਪ੍ਰੇਸ਼ਾਨੀ ਨਾ ਆਵੇ ਅਥੇ ਖਾਸ ਕਰਕੇ ਬੇਮੌਸਮੇ ਮੀਂਹ ਨਾਲ ਪੈਦਾ ਹੋਈ ਸਥਿਤੀ ਨਾਲ ਨਿਪਟਣ ਲਈ ਢੁੱਕਵੇਂ ਤੇ ਸੁਚੱਜੇ ਪ੍ਰਬੰਧ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨਾਲ ਲਈ ਲੋੜੀਂਦੀਆਂ ਸਹੂਲਤਾਂ ਦੀ ਵਿਵਸਥਾ ਕੀਤੀ ਗਈ ਹੈ ਤਾਂ ਕਿ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਇਆ ਜਾਵੇ।

ਸ੍ਰੀ ਵਰਮਾ ਨੇ ਅੱਗੇ ਦੱਸਿਆ ਕਿ ਇ ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ 100.58 ਲੱਖ ਮੀਟਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਿਸ ਵਿੱਚੋਂ 95.83 ਲੱਖ ਮੀਟਰਿਕ ਟਨ ਦੀ ਖਰੀਦੀ ਹੋ ਚੁੱਕੀ ਹੈ ਜੋ ਕਿ 95 ਫੀਸਦੀ ਤੋਂ ਵੱਧ ਬਣਦੀ ਹੈ। ਦੱਸਣਯੋਗ ਹੈ ਕਿ ਇਸ ਸਾਲ 132 ਲੱਖ ਮੀਟਰਿਕ ਟਨ ਕਣਕ ਮੰਡੀਆਂ ਵਿੱਚ ਪਹੁੰਚਾਣ ਦਾ ਅਨੁਮਾਨ ਭਾਵ 75 ਫੀਸਦੀ ਫਸਲ ਦੀ ਆਮਦ ਹੋ ਚੁੱਕੀ ਹੈ। ਸ੍ਰੀ ਵਰਮਾ ਨੇ ਕਿਹਾ ਕਿ 48 ਘੰਟਿਆਂ ਦੇ ਅੰਦਰ ਕਣਕ ਖਰੀਦ ਦਾ ਭੁਗਤਾਨ ਕਰਨ ਦੇ ਨਿਯਮਾਂ ਤਹਿਤ ਹੁਣ ਤੱਕ 100 ਫੀਸਦੀ ਭੁਗਤਾਨ ਕਰ ਦਿੱਤਾ ਗਿਆ ਹੈ ਅਤੇ 17340.40 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ਵਿੱਚ ਅਦਾ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲਿਫਟਿੰਗ ਲਈ ਅੱਜ 27 ਸਪੈਸ਼ਲ ਰੇਲਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਣਕ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧ ਹੈ।

ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਖੁਰਾਕ ਤੇ ਸਿਵਲ ਸਪਲਾਈ ਵਿਕਾਸ ਗਰਗ, ਪੰਜਾਬ ਵੇਅਰ ਹਾਊਸ ਦੇ ਐਮ.ਡੀ. ਕੰਵਲਪ੍ਰੀਤ ਕੌਰ ਬਰਾੜ, ਪਨਸਪ ਦੇ ਐਮ.ਡੀ. ਸੋਨਾਲੀ ਗਿਰਿ, ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਪੁਨੀਤ ਗੋਇਲ, ਪੰਜਾਬ ਮੰਡੀਕਰਨ ਬੋਰਡ ਦੇ ਸਕੱਤਰ ਅੰਮ੍ਰਿਤ ਕੌਰ ਗਿੱਲ, ਐਫ.ਸੀ.ਆਈ. ਦੇ ਜਨਰਲ ਮੈਨੇਜਰ ਬੀ.ਐਨ.ਸ੍ਰੀਨਿਵਾਸਨ ਤੇ ਮਾਰਕਫੈਡ ਦੇ ਏ.ਐਮ.ਡੀ. ਸੰਦੀਪ ਸਿੰਘ ਗੜ੍ਹਾ ਅਤੇ ਵੀਡਿਓ ਕਾਨਫਰੰਸਿੰਗ ਰਾਹੀਂ ਸਮੂਹ ਡਿਪਟੀ ਕਮਿਸ਼ਨਰ ਹਾਜ਼ਰ ਸਨ।