
ਧੂਰੀ, 17 ਜਨਵਰੀ:-ਧੂਰੀ ਸ਼ਹਿਰ ਨੂੰ ਬੁਨਿਆਦੀ ਸਹੂਲਤਾਂ ਦੇ ਨਾਲ-ਨਾਲ ਸੁੰਦਰੀਕਰਨ ਵਿੱਚ ਵੀ ਮੋਹਰੀ ਸ਼ਹਿਰ ਬਣਾਉਣ ਲਈ ਅੱਜ ਲਗਭਗ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਮਹੱਤਵਪੂਰਨ ਸੁੰਦਰੀਕਰਨ ਅਤੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਸੁਖਵੀਰ ਸਿੰਘ ਵੱਲੋਂ ਕੀਤੀ ਗਈ। ਇਨ੍ਹਾਂ ਪ੍ਰੋਜੈਕਟਾਂ ਨਾਲ ਧੂਰੀ ਸ਼ਹਿਰ ਦੀ ਦਿੱਖ ਨੂੰ ਨਵੀਂ ਪਹਿਚਾਣ ਮਿਲੇਗੀ ਅਤੇ ਸ਼ਹਿਰ ਵਾਸੀਆਂ ਨੂੰ ਆਧੁਨਿਕ ਸਹੂਲਤਾਂ ਮਿਲਣਗੀਆਂ। ਇਸ ਮੌਕੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਵੀ ਮੌਜੂਦ ਸਨ।
ਮੁੱਖ ਮੰਤਰੀ ਦੇ ਓ.ਐਸ.ਡੀ. ਸੁਖਵੀਰ ਸਿੰਘ ਨੇ ਆਰ.ਓ.ਬੀ. ਅਧੀਨ ਸ਼ੇਰਪੁਰ ਚੌਂਕ ਦੇ ਸੁੰਦਰੀਕਰਨ ਲਈ 309.54 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਕੰਮ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਇਹ ਪ੍ਰੋਜੈਕਟ ਧੂਰੀ ਸ਼ਹਿਰ ਲਈ ਇੱਕ ਨਵਾਂ ਮੀਲ ਪੱਥਰ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਲਗਭਗ 1500 ਫੁੱਟ ਲੰਬੇ ਅਤੇ 42 ਫੁੱਟ ਚੌੜੇ ਖੇਤਰ ਵਿੱਚ ਵਿਕਸਿਤ ਹੋਣ ਵਾਲਾ ਇਹ ਪਾਰਕ ਸ਼ਹਿਰ ਵਾਸੀਆਂ ਲਈ ਮਨੋਰੰਜਨ, ਸੈਰ ਅਤੇ ਸਿਹਤਮੰਦ ਜੀਵਨ ਸ਼ੈਲੀ ਦਾ ਕੇਂਦਰ ਬਣੇਗਾ।
ਉਨ੍ਹਾਂ ਕਿਹਾ ਕਿ ਇਸ ਸੁੰਦਰੀਕਰਨ ਪ੍ਰੋਜੈਕਟ ਤਹਿਤ ਓਪਨ ਜਿਮ, ਬੱਚਿਆਂ ਲਈ ਖੇਡ ਪਾਰਕ, ਸੈਰ ਲਈ ਵਿਸ਼ੇਸ਼ ਟਰੈਕ, ਸਾਫ਼-ਸੁਥਰੇ ਬਾਥਰੂਮ ਅਤੇ ਵਾਹਨਾਂ ਲਈ ਪਾਰਕਿੰਗ ਦੀ ਸਹੂਲਤ ਹੋਵੇਗੀ। ਇਸ ਦੇ ਨਾਲ ਹੀ ਪੁੱਲ ਦੇ ਵੱਡੇ ਪਿੱਲਰਾਂ ਉੱਤੇ ਕਲਾਤਮਕ ਅਤੇ ਆਕਰਸ਼ਕ ਪੇਂਟਿੰਗਾਂ ਤਿਆਰ ਕੀਤੀਆਂ ਜਾਣਗੀਆਂ, ਜੋ ਸ਼ਹਿਰ ਦੀ ਸੁੰਦਰਤਾ ਨੂੰ ਹੋਰ ਨਿਖਾਰਨਗੀਆਂ।
ਓਐਸਡੀ ਸੁਖਵੀਰ ਸਿੰਘ ਨੇ 90.54 ਲੱਖ ਰੁਪਏ ਦੀ ਲਾਗਤ ਨਾਲ ਆਰ.ਓ.ਬੀ. ਸੰਗਰੂਰ ਸਾਈਡ ਧੂਰੀ ਵਿਖੇ ਬਣਨ ਵਾਲੇ ਵਾਈਲਡ ਅਰੀਨਾ ਪਾਰਕ ਬਾਰੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਾਰਕ ਦੀ ਕੁੱਲ ਲੰਬਾਈ 500 ਫੁੱਟ ਅਤੇ ਚੌੜਾਈ 42 ਫੁੱਟ ਹੋਵੇਗੀ। ਪਾਰਕ ਵਿੱਚ ਸ਼ਹਿਰ ਵਾਸੀਆਂ ਲਈ ਸੈਰ ਕਰਨ ਅਤੇ ਕਸਰਤ ਲਈ ਟਰੈਕ ਬਣਾਇਆ ਜਾਵੇਗਾ, ਜਦਕਿ ਪੁੱਲ ਦੇ ਥੱਲੇ ਵਾਹਨਾਂ ਲਈ ਪਾਰਕਿੰਗ ਦੀ ਸੁਵਿਧਾ ਵੀ ਉਪਲਬਧ ਹੋਵੇਗੀ।
ਉਨ੍ਹਾਂ ਦੱਸਿਆ ਕਿ ਵਾਈਲਡ ਅਰੀਨਾ ਪਾਰਕ ਵਿੱਚ ਬੱਚਿਆਂ ਲਈ ਝੂਲੇ, ਖੇਡ ਸਮੱਗਰੀ, ਘਾਹ ਨਾਲ ਬਣੀਆਂ ਵੱਖ-ਵੱਖ ਪਸ਼ੂ-ਪੰਛੀਆਂ ਦੀਆਂ ਆਕਰਸ਼ਕ ਆਕ੍ਰਿਤੀਆਂ, ਸੈਲਫੀ ਪੁਆਇੰਟ ਅਤੇ ਨਵੇਂ ਬਾਥਰੂਮ ਤਿਆਰ ਕੀਤੇ ਜਾਣਗੇ। ਪੂਰੇ ਪਾਰਕ ਨੂੰ ਸੁਰੱਖਿਆ ਦੇ ਮੱਦੇਨਜ਼ਰ ਗ੍ਰਿੱਲਾਂ ਨਾਲ ਬੰਦ ਕੀਤਾ ਜਾਵੇਗਾ।
ਓਐਸਡੀ ਸੁਖਵੀਰ ਸਿੰਘ ਨੇ ਕਿਹਾ ਕਿ ਧੂਰੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਇਹ ਪ੍ਰੋਜੈਕਟ ਪੂਰੇ ਹੋਣ ਉਪਰੰਤ ਧੂਰੀ ਸ਼ਹਿਰ ਨਾਗਰਿਕ ਸਹੂਲਤਾਂ ਦੇ ਮਾਮਲੇ ਵਿੱਚ ਇੱਕ ਨਵਾਂ ਮਿਆਰ ਸਥਾਪਿਤ ਕਰੇਗਾ।
ਇਸ ਮੌਕੇ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਧੂਰੀ ਸ਼ਹਿਰ ਦਾ ਸਰਬਪੱਖੀ ਵਿਕਾਸ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਸ਼ਹਿਰ ਦੇ ਬੁਨਿਆਦੀ ਢਾਂਚੇ, ਸੁੰਦਰੀਕਰਨ ਅਤੇ ਨਾਗਰਿਕ ਸਹੂਲਤਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਯੋਜਨਾਬੱਧ ਢੰਗ ਨਾਲ ਕੰਮ ਕੀਤੇ ਜਾ ਰਹੇ ਹਨ।
ਇਸ ਮੌਕੇ ਬਲਾਕ ਪ੍ਰਧਾਨ ਨਰੇਸ਼ ਸਿੰਗਲਾ, ਅਨਵਰ ਭਸੌੜ, ਸ਼ਾਮ ਸਿੰਗਲਾ, ਵਿਨੋਦ ਗਰਗ, ਰਛਪਾਲ ਸਿੰਘ, ਰਮਨ ਸਿੰਘ, ਜਸਬੀਰ ਸਿੰਘ, ਲਾਲ ਸਿੰਘ, ਰਾਜੀਵ ਚੌਧਰੀ, ਭੁਪਿੰਦਰ ਸਿੰਘ, ਜਸਵੀਰ ਸਿੰਘ ਜੱਜ, ਹਰਪ੍ਰੀਤ ਸਿੰਘ ਗਿੱਲ, ਪੁੰਨੂੰ ਬਲਜੋਤ, ਬੀਰਬਲ, ਸੰਦੀਪ ਤਾਇਲ ਸਮੇਤ ਹੋਰ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਰਹੇ।