Thursday, January 15Malwa News
Shadow

ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਮਾਡਲ ਸੋਲਰ ਵਿਲੇਜ ਸਕੀਮ ਦੀ ਸਮੀਖਿਆ ਲਈ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ

ਮਾਲੇਰਕੋਟਲਾ, 15 ਜਨਵਰੀ:-                       ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨ ਅਤੇ ਪਿੰਡਾਂ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਇਕ ਅਹਿਮ ਕਦਮ ਚੁੱਕਦਿਆਂ, ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਮਾਡਲ ਸੋਲਰ ਵਿਲੇਜ ਸਕੀਮ ਤਹਿਤ ਚੁਣੇ ਗਏ ਪਿੰਡਾਂ ਦੀ ਕਾਰਗੁਜ਼ਾਰੀ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਇਸ ਸਮੀਖਿਆ ਉਪਰੰਤ ਪਿੰਡ ਲਸੋਈ, ਬਲਾਕ ਅਹਿਮਦਗੜ੍ਹ ਨੂੰ ਜ਼ਿਲ੍ਹੇ ਦਾ ਸਰਵੋਤਮ ਪਿੰਡ ਘੋਸ਼ਿਤ ਕੀਤਾ ਗਿਆ।
                ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਜ਼ਿਲ੍ਹਾ ਪੱਧਰੀ ਕਮੇਟੀ ਕਮ ਡਿਪਟੀ ਕਮਿਸ਼ਨਰ ਸ਼੍ਰੀ ਵਿਰਾਜ ਐਸ. ਤਿੜਕੇ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਿੰਡ ਲਸੋਈ, ਹੱਥਣ, ਬਾਗੜੀਆ, ਚੌਂਦਾ ਅਤੇ ਕੰਗਣਵਾਲ ਦੀ ਚੋਣ ਕੀਤੀ ਗਈ ਸੀ। ਇਨ੍ਹਾਂ ਪਿੰਡਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਕੇ ਪਿੰਡ ਲਸੋਈ ਨੂੰ ਜੇਤੂ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਲਸੋਈ ਵਿੱਚ ਹਰਾ-ਭਰਾ ਅਤੇ ਵਾਤਾਵਰਣ ਪੱਖੀ ਵਿਕਾਸ ਯਕੀਨੀ ਬਣਾਉਣ ਲਈ ₹1 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਨਾਲ ਵਿਕਾਸ ਪ੍ਰੋਜੈਕਟ ਲਾਗੂ ਕੀਤੇ ਜਾਣਗੇ।
               ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਪੇਡਾ ਅਤੇ ਪੀ.ਐਸ.ਪੀ.ਸੀ.ਐਲ. ਵੱਲੋਂ ਜਮ੍ਹਾ ਕਰਵਾਈਆਂ ਗਈਆਂ ਰਿਪੋਰਟਾਂ ਦੇ ਆਧਾਰ ’ਤੇ ਪਿੰਡਾਂ ਵਿੱਚ ਸੋਲਰ ਬਿਜਲੀ ਉਤਪਾਦਨ, ਤਕਨੀਕੀ ਮਿਆਰਾਂ ਦੀ ਪਾਲਣਾ, ਜਾਗਰੂਕਤਾ ਗਤੀਵਿਧੀਆਂ ਅਤੇ ਲੋਕ ਭਾਗੀਦਾਰੀ ਦੀ ਗਹਿਰਾਈ ਨਾਲ ਸਮੀਖਿਆ ਕੀਤੀ ਗਈ। ਸਮੂਹ ਪਿੰਡਾਂ ਦੇ ਮੁਲਾਂਕਣ ਉਪਰੰਤ ਕਮੇਟੀ ਵੱਲੋਂ ਸਹਿਮਤੀ ਨਾਲ ਅੰਤਿਮ ਫੈਸਲਾ ਲਿਆ ਗਿਆ।
              ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਰਿੰਪੀ ਗਰਗ ਨੇ ਦੱਸਿਆ ਕਿ ਪਿੰਡ ਲਸੋਈ ਨੇ 220.40 ਕਿਲੋਵਾਟ ਪੀਕ ਸਮਰੱਥਾ ਨਾਲ ਸੋਲਰ ਊਰਜਾ ਉਤਪਾਦਨ ਅਤੇ ਲੋਕ ਭਾਗੀਦਾਰੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਡਿਪਟੀ ਕਮਿਸ਼ਨਰ ਨੇ ਸਾਰੇ ਭਾਗ ਲੈਣ ਵਾਲੇ ਪਿੰਡਾਂ ਦੀ ਪ੍ਰਸ਼ੰਸਾ ਕਰਦਿਆਂ ਨੋਡਲ ਏਜੰਸੀ ਪੇਡਾ ਨੂੰ ਹਦਾਇਤ ਕੀਤੀ ਕਿ ਜੇਤੂ ਪਿੰਡ ਲਈ ਤੁਰੰਤ ਐਲਾਨੀ ਪੱਤਰ ਜਾਰੀ ਕਰਕੇ ਗ੍ਰਾਂਟ ਜਾਰੀ ਕਰਨ ਦੀ ਪ੍ਰਕਿਰਿਆ ਆਰੰਭ ਕੀਤੀ ਜਾਵੇ।
                ਇਸ ਮੌਕੇ ਐਕਸੀਅਨ ਪੀ.ਐਸ.ਪੀ.ਸੀ.ਐਲ. ਇੰਜੀ. ਹਰਵਿੰਦਰ ਸਿੰਘ, ਜ਼ਿਲ੍ਹਾ ਮੈਨੇਜਰ ਪੇਡਾ ਹਰਮਿੰਦਰ ਸਿੰਘ, ਹਰਜੀਤ ਸਿੰਘ, ਸਮਾਜ ਸੇਵੀ ਮੁਹੰਮਦ ਤਾਹਿਰ, ਮੁਹੰਮਦ ਅਸ਼ਰਫ ਅਤੇ ਮੁਹੰਮਦ ਅਕਰਮ ਵੀ ਹਾਜ਼ਰ ਸਨ।