Friday, December 26Malwa News
Shadow

ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਜ਼ੋਨ ਦਾ ਰਾਜ ਪੱਧਰੀ ਪੁਰਸਕਾਰ ਨਾਲ ਹੋਇਆ ਸਨਮਾਨਿਤ

ਰੂਪਨਗਰ, 26 ਦਸੰਬਰ: ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਨੇ ਕਿਸਾਨਾਂ ਦੀ ਭਲਾਈ ਅਤੇ ਖੇਤੀਬਾੜੀ ਵਿੱਚ ਨਵੀਂ ਤਕਨੀਕਾਂ ਦੇ ਪ੍ਰਸਾਰ ਲਈ ਸ਼ਾਨਦਾਰ ਯੋਗਦਾਨ ਪਾਇਆ ਹੈ। ਇਸ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਆਈ.ਸੀ.ਏ.ਆਰ. ਅਟਾਰੀ ਜ਼ੋਨ-1 ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਨੂੰ ਇਸ ਸਾਲ 2025 ਦੇ ਪੰਜਾਬ ਦੇ ਸਰਵਸ਼੍ਰੇਸ਼ਠ ਕੇ.ਵੀ.ਕੇ. ਵਜੋਂ ਸਨਮਾਨਿਤ ਕੀਤਾ ਗਿਆ ਹੈ।

ਇਹ ਪੁਰਸਕਾਰ ਆਈ.ਸੀ.ਏ.ਆਰ. ਅਟਾਰੀ ਜ਼ੋਨ-1 ਵੱਲੋਂ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਦਾ ਐਗਰੀਕਲਚਰਲ ਸਾਇੰਸਿਜ਼ ਐਂਡ ਤਕਨਾਲੋਜੀ ਜੰਮੂ ਵਿੱਚ 22 ਤੋਂ 24 ਦਸੰਬਰ 2025 ਤੱਕ ਹੋਈ ਸਾਲਾਨਾ ਜ਼ੋਨਲ ਵਰਕਸ਼ਾਪ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਜ਼ੋਨ-1 ਦੇ 72 ਕੇ.ਵੀ.ਕੇਜ਼ ਅਤੇ ਵੱਖ-ਵੱਖ ਯੂਨੀਵਰਸਿਟੀਆਂ ਦੇ 8 ਡਾਇਰੈਕਟੋਰੇਟਸ ਨੇ ਭਾਗ ਲਿਆ। ਜ਼ਿਕਰਯੋਗ ਕਿ ਪੰਜਾਬ ਵਿੱਚ ਕੇ.ਵੀ.ਕੇ. ਰੋਪੜ ਸਮੇਤ ਕੁੱਲ 22 ਕੇ.ਵੀ.ਕੇਜ਼ ਹਨ ਜਿਨ੍ਹਾਂ ਵਿੱਚੋਂ 18 ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ (ਪੀਏਯੂ) ਦੇ ਡਾਇਰੈਕਟੋਰੇਟ ਆਫ਼ ਐਕਸਟੈਂਸ਼ਨ ਐਜੂਕੇਸ਼ਨ ਦੇ ਪ੍ਰਸ਼ਾਸਨਿਕ ਪ੍ਰਬੰਧਨ ਅਧੀਨ ਕੰਮ ਕਰ ਰਹੇ ਹਨ।

ਕੇ.ਵੀ.ਕੇ. ਰੋਪੜ ਦੇ ਮੁਖੀ ਤੇ ਐਸੋਸਿਏਟ ਡਾਇਰੈਕਟਰ ਡਾ. ਸਤਬੀਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੰਜ ਵਿਗਿਆਨੀਆਂ- ਡਾ. ਅਪਰਣਾ, ਡਾ. ਸੰਜੀਵ ਆਹੁਜਾ, ਡਾ. ਅੰਕੁਰਦੀਪ ਪ੍ਰੀਤੀ, ਡਾ. ਉਰਵੀ ਸ਼ਰਮਾ ਅਤੇ ਡਾ. ਜਗਮਨਜੋਤ ਸਿੰਘ ਦੀ ਟੀਮ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਟੀਮ ਨੂੰ ਤਿੰਨ ਪ੍ਰੋਗਰਾਮ ਅਸਿਸਟੈਂਟਸ, ਪ੍ਰਸ਼ਾਸਕੀ ਅਤੇ ਸਹਾਇਕ ਸਟਾਫ ਦਾ ਪੂਰਾ ਸਹਿਯੋਗ ਪ੍ਰਾਪਤ ਹੈ।

ਡਾ. ਸਤਬੀਰ ਸਿੰਘ ਨੇ ਆਈ.ਸੀ.ਏ.ਆਰ. ਅਟਾਰੀ ਜ਼ੋਨ-1 ਲੁਧਿਆਣਾ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦਾ ਧੰਨਵਾਦ ਕਰਦਿਆ ਕਿਹਾ ਕਿ ਪੁਰਸਕਾਰ ਪ੍ਰਾਪਤੀ ਨਾਲ ਕੇਂਦਰ ਦੇ ਵਿਗਿਆਨੀਆਂ ਅਤੇ ਸਟਾਫ ਦਾ ਮਨੋਬਲ ਹੋਰ ਵਧਿਆ ਹੈ। ਉਨ੍ਹਾਂ ਨੇ ਭਵਿੱਖ ਵਿੱਚ ਹੋਰ ਵੀ ਵਧੇਰੇ ਤਨਦੇਹੀ ਨਾਲ ਕਿਸਾਨਾਂ ਦੀ ਸੇਵਾ ਕਰਨ ਦਾ ਸੰਕਲਪ ਲਿਆ।