
ਮਾਨਸਾ, 24 ਨਵੰਬਰ- ਜ਼ਿਲ੍ਹੇ ਵਿੱਚ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਅਤੇ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸੀ.ਆਰ.ਐਮ. ਸਕੀਮ ਅਧੀਨ ਕਿਸਾਨਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਨੂੰ ਐਸ.ਸੀ. ਕੈਟਾਗਿਰੀ ਤਹਿਤ ਖੇਤੀਬਾੜੀ ਮਸ਼ੀਨਰੀ ਸਬਸਿਡੀ ‘ਤੇ ਮੁਹੱਈਆ ਕਰਵਾਉਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਾਰਜਕਾਰਨੀ ਕਮੇਟੀ ਵੱਲੋਂ ਡਰਾਅ ਕੱਢੇ ਗਏ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪੱਧਰੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਮਸ਼ੀਨਾਂ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਕਰਾਪ ਰੈਜ਼ੀਡਿਊ ਮੈਨੇਜਮੈਂਟ (ਸੀ.ਆਰ.ਐਮ.) ਸਕੀਮ 2025-26 ਤਹਿਤ ਖੇਤੀਬਾੜੀ ਵਿਭਾਗ ਦੇ ਆਨਲਾਈਨ ਪੋਰਟਲ agrimachinerypb.com ’ਤੇ 23 ਅਕਤੂਬਰ, 2025 ਤੋਂ 03 ਨਵੰਬਰ, 2025 ਤੱਕ ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਸਨ।
ਸ੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਉਪਲਬਧ ਫੰਡਜ਼ ਅਤੇ ਟੀਚਿਆਂ ਅਨੁਸਾਰ ਸਕੀਮ ਅਧੀਨ ਵਿਅਕਤੀਗਤ ਕਿਸਾਨਾਂ ਵੱਲੋਂ ਪ੍ਰਾਪਤ ਅਰਜ਼ੀਆਂ ਦਾ ਡਰਾਅ ਕੱਢਦੇ ਹੋਏ 79 ਸੁਪਰ ਸੀਡਰ ਖਰੀਦਣ ਲਈ 95 ਲੱਖ 61 ਹਜ਼ਾਰ 800 ਅਤੇ 07 ਕਸਟਮ ਹਾਇਰਿੰਗ ਗਰੁੱਪਾਂ ਨੂੰ ਮਸ਼ੀਨਾਂ ਖ਼ਰੀਦਣ ਲਈ 01 ਕਰੋੜ 68 ਲੱਖ, 77 ਹਜ਼ਾਰ 200 ਰੁਪਏ ਦੀ ਮਸ਼ੀਨਰੀ ਦੀ ਖਰੀਦ ਕਰਨ ਲਈ ਸੀਨੀਅਰਤਾ ਸੂਚੀ ਤਿਆਰ ਕੀਤੀ ਗਈ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਏ ਬਿਨਾਂ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਪਰਾਲੀ ਦਾ ਖੇਤ ਵਿੱਚ ਹੀ ਸੁਚੱਜਾ ਪ੍ਰਬੰਧਨ ਕਰਨ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸਕੀਮਾਂ ਅਧੀਨ ਲਾਭਪਾਤਰੀਆਂ ਨੂੰ ਵਿਭਾਗ ਦੀਆਂ ਹਦਾਇਤਾਂ ਅਨੁਸਾਰ 14 ਦਿਨ ਦੇ ਅੰਦਰ-ਅੰਦਰ ਮਸ਼ੀਨਾਂ ਖ਼ਰੀਦਣ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਕੀਮ ਸਬੰਧੀ ਵਧੇਰੇ ਜਾਣਕਾਰੀ ਲਈ ਕਿਸਾਨ ਆਨਲਾਈਨ ਪੋਰਟਲ ਜਾਂ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ, ਮਾਨਸਾ ਜਾਂ ਖੇਤੀਬਾੜੀ ਬਲਾਕ ਦਫ਼ਤਰਾਂ ਨਾਲ ਰਾਬਤਾ ਕਰ ਸਕਦੇ ਹਨ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਸ. ਹਰਵਿੰਦਰ ਸਿੰਘ ਨੇ ਦੱਸਿਆ ਕਿ ਚੁਣੇ ਗਏ ਬਿਨੈਕਾਰਾਂ ਦੀਆਂ ਬਲਾਕ ਪੱਧਰ ‘ਤੇ ਅਰਜ਼ੀਆਂ ਵੈਰੀਫਾਈ ਕੀਤੀਆਂ ਜਾਣਗੀਆਂ ਅਤੇ ਵੈਰੀਫਿਕੇਸ਼ਨ ਉਪਰੰਤ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਸੈਕਸ਼ਨ ਪੱਤਰ ਜਾਰੀ ਕੀਤੇ ਜਾਣਗੇ। ਕਿਸਾਨਾਂ ਵੱਲੋਂ ਮਸ਼ੀਨਰੀ ਖਰੀਦਣ ਉਪਰੰਤ ਆਨਲਾਈਨ ਐਪ ”ਐਗਰੀ ਪੰਜਾਬ” ਰਾਹੀਂ ਮਸ਼ੀਨਰੀ ਦੀ ਈ.ਪੀ.ਵੀ. ਕੀਤੀ ਜਾਵੇਗੀ ਅਤੇ ਸਬਸਿਡੀ ਦੀ ਰਾਸ਼ੀ ਸਪਰਸ਼ ਪੋਰਟਲ ਰਾਹੀਂ ਡਰਾਅ ਕੀਤੀ ਜਾਵੇਗੀ। ਕਸਟਮ ਹਾਇਰਿੰਗ ਸੈਂਟਰ ਦੇ ਲਾਭਪਾਤਰੀਆਂ ਦੀ ਸਬਸਿਡੀ 05 ਸਾਲਾਂ ਲਈ ਬੈਂਕ ਵਿਚ ਫਰੀਜ਼ ਕੀਤੀ ਜਾਵੇਗੀ।
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਕਵਿਤਾ ਗਰਗ, ਸਹਾਇਕ ਪ੍ਰੋਫੈੱਸਰ ਕੇ.ਵੀ.ਕੇ., ਡਾ. ਅਲੋਕ ਗੁਪਤਾ, ਚੀਫ ਮੈਨੇਜ਼ਰ ਐਸ.ਬੀ.ਆਈ. ਦਲੀਪ ਕੁਮਾਰ, ਨਿਰੀਖਕ ਸਹਿਕਾਰੀ ਸਭਾਵਾਂ ਜਗਤਾਰ ਸਿੰਘ, ਡੀ.ਪੀ.ਡੀ. ਆਤਮਾ ਚਮਨਦੀਪ ਸਿੰਘ, ਅਗਾਂਹਵਧੂ ਕਿਸਾਨ ਤੇ ਕਮੇਟੀ ਮੈਂਬਰ ਦੀਦਾਰ ਸਿੰਘ ਤੋਂ ਇਲਾਵਾ ਹੋਰ ਕਿਸਾਨ ਹਾਜ਼ਰ ਸਨ।