Saturday, November 22Malwa News
Shadow

ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਵੱਲੋਂ ਜ਼ੀਰਕਪੁਰ ਖੇਤਰ ਦੇ ਵਾਰਡ ਨੰਬਰ 27 ਵਿੱਚ 40.53 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ

ਜ਼ੀਰਕਪੁਰ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 20 ਨਵੰਬਰ:- ਹਲਕਾ ਡੇਰਾਬੱਸੀ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਅੱਜ ਨਗਰ ਕੌਂਸਲ ਦੀ ਹੱਦ ਅੰਦਰ ਆਉਂਦੇ ਜ਼ੀਰਕਪੁਰ ਖੇਤਰ ਦੇ ਵਾਰਡ ਨੰਬਰ 27, ਏ ਕੇ ਐੱਸ ਕਲੋਨੀ-1 ਵਿੱਚ 40.53 ਲੱਖ ਰੁਪਏ ਦੀ ਲਾਗਤ ਨਾਲ ਪਾਣੀ ਦੀ ਸਪਲਾਈ ਲਈ ਨਵੇਂ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਦਾ ਨੀਹ ਪੱਥਰ ਰੱਖਿਆ। ਇਸ ਕਦਮ ਨਾਲ ਸਥਾਨਕ ਨਿਵਾਸੀਆਂ ਨੂੰ ਸਾਫ਼ ਤੇ ਲਗਾਤਾਰ ਪਾਣੀ ਦੀ ਸਹੂਲਤ ਉਪਲਬਧ ਹੋਵੇਗੀ।

ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਕਿਹਾ, “ਇਹ ਵਿਕਾਸ ਪ੍ਰੋਜੈਕਟ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਅਤੇ ਲੋਕ-ਮੁਖੀ ਨੀਤੀਆਂ ਦਾ ਨਤੀਜਾ ਹੈ। ਸਾਡਾ ਮੁੱਖ ਮਕਸਦ ਲੋਕਾਂ ਨੂੰ ਸਾਫ਼, ਸੁਚੱਜੇ ਅਤੇ ਲਗਾਤਾਰ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ, ਤਾਂ ਜੋ ਹਰ ਨਿਵਾਸੀ ਨੂੰ ਬਿਹਤਰ ਸਹੂਲਤਾਂ ਮਿਲ ਸਕਣ। ਢਕੋਲੀ ਅਤੇ ਇਸਦੇ ਨਾਲ ਲੱਗਦੇ ਖੇਤਰਾਂ ਦੀ ਪਾਣੀ ਸਪਲਾਈ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਸਾਡੀ ਪਹਿਲ ਵਿਚ ਸ਼ਾਮਲ ਹੈ, ਅਤੇ ਇਹ ਟਿਊਬਵੈੱਲ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰੇਗਾ।”

ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਦਾ ਉਦੇਸ਼ ਸੁਚਾਰੂ ਬੁਨਿਆਦੀ ਸੁਵਿਧਾਵਾਂ ਪਿੰਡਾਂ ਅਤੇ ਸ਼ਹਿਰਾਂ ਤੱਕ ਪਹੁੰਚਾਉਣ ’ਤੇ ਹੈ। ਲੋਕਾਂ ਦੀ ਭਲਾਈ ਅਤੇ ਪਾਰਦਰਸ਼ੀ ਕਾਰਜਪ੍ਰਣਾਲੀ ਇਸ ਸਰਕਾਰ ਦੀ ਪਹਿਚਾਣ ਹੈ।

ਇਸ ਟਿਊਬਵੈੱਲ ਨਾਲ ਏ ਕੇ ਐੱਸ ਕਲੋਨੀ ਅਤੇ ਨਾਲ ਲੱਗਦੇ ਇਲਾਕਿਆਂ ਦੀ ਪਾਣੀ ਦੀ ਸਪਲਾਈ ਵਿੱਚ ਵੱਡਾ ਸੁਧਾਰ ਆਏਗਾ ਤੇ ਪਾਣੀ ਦੀ ਘਾਟ, ਪ੍ਰੈਸ਼ਰ ਦੀ ਕਮੀ ਅਤੇ ਗੈਰ-ਨਿਯਮਿਤ ਸਪਲਾਈ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਹੋਵੇਗਾ। ਇਹ ਪ੍ਰੋਜੈਕਟ ਨਗਰ ਕੌਂਸਲ ਖੇਤਰ ਦੀ ਪਾਣੀ ਸਪਲਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਏਗਾ।

ਇਸ ਸਮਾਗਮ ਵਿੱਚ ਵਾਰਡ ਇੰਚਾਰਜ ਸ਼੍ਰੀਮਤੀ ਅਨੰਤ ਕੌਰ, ਪਾਰਟੀ ਦੇ ਬਲਾਕ ਪ੍ਰਧਾਨ ਸਮੇਤ ਪੂਰੀ ਟੀਮ, ਸਥਾਨਕ ਵਾਰਡ ਵਾਸੀ ਅਤੇ ਨਗਰ ਕੌਂਸਲ ਦੇ ਅਧਿਕਾਰੀ ਵੱਡੀ ਗਿਣਤੀ ਵਿੱਚ ਸ਼ਾਮਲ ਰਹੇ ਅਤੇ ਵਿਧਾਇਕ ਵੱਲੋਂ ਕੀਤੇ ਗਏ ਇਸ ਵਿਕਾਸਮਈ ਉਪਰਾਲੇ ਦੀ ਸ਼ਲਾਘਾ ਕੀਤੀ।