
ਸ੍ਰੀ ਅਨੰਦਪੁਰ ਸਾਹਿਬ 16 ਨਵੰਬਰ ()- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਰੋਹਾਂ ਨੂੰ ਸ਼ਾਨਦਾਰ ਅਤੇ ਸੁਚਾਰੂ ਢੰਗ ਨਾਲ ਆਯੋਜਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਨੂੰ ਤੇਜ਼ੀ ਨਾਲ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਅਤੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਗੁਲਨੀਤ ਸਿੰਘ ਖੁਰਾਨਾ ਨੇ ਅੱਜ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਸਥਾਨਾਂ ਦਾ ਦੌਰਾ ਕਰਕੇ ਸਮੂਹ ਪ੍ਰਬੰਧਾਂ ਦੀ ਸਮੀਖਿਆ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 22 ਨਵੰਬਰ ਨੂੰ ਚਾਰ ਵਿਸ਼ਾਲ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਵਿੱਚ ਪਹੁੰਚਣਗੇ, ਜਿਨ੍ਹਾਂ ਦੇ ਸਵਾਗਤ ਲਈ ਸਾਰੇ ਮੁੱਖ ਮਾਰਗਾਂ ‘ਤੇ ਸੁਚੱਜੇ ਪ੍ਰਬੰਧ ਕੀਤੇ ਜਾ ਰਹੇ ਹਨ। ਇਹ ਨਗਰ ਕੀਰਤਨ ਸ਼ਹਿਰ ਦੇ ਇਤਿਹਾਸਕ ਸਥਾਨਾਂ ਰਾਹੀਂ ਲੰਘਦੇ ਹੋਏ ਸ਼ਰਧਾਲੂਆਂ ਨੂੰ ਗੁਰੂ ਘਰ ਦੀ ਪ੍ਰੇਰਣਾਦਾਇਕ ਬਾਣੀ ਨਾਲ ਜੋੜਣਗੇ।
ਇਸ ਤੋਂ ਇਲਾਵਾ 24 ਨਵੰਬਰ ਨੂੰ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਤੋਂ ਸੀਸ਼ ਭੇਂਟ ਨਗਰ ਕੀਰਤਨ ਗੁਰੂ ਘਰ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ ਗੁਰਦੁਆਰਾ ਸੀਸ਼ ਗੰਜ ਸਾਹਿਬ ਤੱਕ ਪਹੁੰਚੇਗਾ। ਇਨ੍ਹਾਂ ਨਗਰ ਕੀਰਤਨਾਂ ਦੀ ਵਿਸ਼ਾਲਤਾ ਨੂੰ ਦੇਖਦੇ ਹੋਏ ਸੁਰੱਖਿਆ, ਟ੍ਰੈਫਿਕ ਪ੍ਰਬੰਧ ਅਤੇ ਭੀੜ ਪ੍ਰਬੰਧਨ ਲਈ ਵਿਸ਼ੇਸ਼ ਤੌਰ ਅਧਿਕਾਰੀ ਤੈਨਾਤ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਕੈਬਨਿਟ ਮੰਤਰੀ ਅਤੇ ਵਿਧਾਇਕ ਇਸ ਇਤਿਹਾਸਕ ਸਮਾਰੋਹ ਦੇ ਮੁੱਖ ਦਿਨਾਂ ਦੌਰਾਨ ਸਾਰੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣਗੇ। ਸ਼ਹੀਦੀ ਸ਼ਤਾਬਦੀ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਦੇ ਹੋਏ 24 ਨਵੰਬਰ ਨੂੰ ਭਾਈ ਜੈਤਾ ਜੀ ਮੈਮੋਰੀਅਲ ਵਿਖੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿਚ ਗੁਰੂ ਸਾਹਿਬ ਦੇ ਉਪਕਾਰਾਂ ਨੂੰ ਨਤਮਸਤਕ ਹੋ ਕੇ ਯਾਦ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਗਿਆ ਕਿ ਗੁਰੂ ਨਗਰੀ ਦਾ ਨਕਸ਼-ਨੁਹਾਰ ਸੁਆਰਿਆ ਜਾ ਰਿਹਾ ਹੈ, ਜਿਸ ਅਧੀਨ ਸੜਕਾਂ ਦੀ ਮੁਰੰਮਤ, ਸਫਾਈ ਪ੍ਰਬੰਧ, ਰੌਸ਼ਨੀ ਦੀ ਵਧੀਆ ਵਿਵਸਥਾ ਅਤੇ ਪਾਣੀ-ਬਿਜਲੀ ਦੀ ਨਿਰੰਤਰ ਸਪਲਾਈ ਲਈ ਦਾ ਕੰਮ ਜਾਰੀ ਹੈ। ਸ਼ਰਧਾਲੂਆਂ ਦੀ ਸਹੂਲਤ ਲਈ ਲੰਗਰ ਪ੍ਰਬੰਧ, ਟ੍ਰੈਫਿਕ ਰੂਟ ਪਲਾਨਿੰਗ, ਪਾਰਕਿੰਗ ਜੋਨ, ਮੈਡੀਕਲ ਸਹਾਇਤਾ ਕੇਂਦਰ ਅਤੇ ਕੰਟਰੋਲ ਰੂਮ ਬਣਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਵਿਰਾਸਤ-ਏ-ਖਾਲਸਾ, ਚਰਨ ਗੰਗਾ ਸਟੇਡੀਅਮ ਅਤੇ ਹੋਰ ਮਹੱਤਵਪੂਰਨ ਸਥਾਨਾਂ ‘ਤੇ ਸਮਾਗਮਾਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਖਾਸ ਤੌਰ ‘ਤੇ ਜਾਇਜ਼ਾ ਲਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਮੂਹ ਪ੍ਰਬੰਧ ਇੰਨੇ ਸੁਚਾਰੂ ਹੋਣ ਚਾਹੀਦੇ ਹਨ ਕਿ ਕਿਸੇ ਵੀ ਸ਼ਰਧਾਲੂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ, ਸਹਾਇਕ ਕਮਿਸ਼ਨਰ ਅਭਿਮੰਨਿਊ ਮਲਿਕ, ਸਹਾਇਕ ਕਮਿਸ਼ਨਰ ਅਰਵਿੰਦਰਪਾਲ ਸਿੰਘ ਸੋਮਲ, ਐੱਸਪੀ ਅਰਵਿੰਦ ਮੀਨਾ, ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਜਸਪ੍ਰੀਤ ਸਿੰਘ, ਐਸਡੀਐਮ ਰੂਪਨਗਰ ਡਾ. ਸੰਜੀਵ ਕੁਮਾਰ, ਐਸਡੀਐਮ ਮੋਰਿੰਡਾ ਸੁਖਪਾਲ ਸਿੰਘ, ਐਸਡੀਐਮ ਨੰਗਲ ਸਚਿਨ ਪਾਠਕ, ਐਸਡੀਐਮ ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ, ਡਿਪਟੀ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਰਸ਼ਿਮ ਵਰਮਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕਰਨ ਮਹਿਤਾ, ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ, ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਜਸ਼ਨਦੀਪ ਸਿੰਘ ਮਾਨ, ਡੀਐਸਪੀ ਨੰਗਲ ਹਰਕੀਰਤ ਸਿੰਘ, ਐਕਸੀਅਨ ਲੋਕ ਨਿਰਮਾਣ ਵਿਭਾਗ ਐਸਐਸ ਭੁੱਲਰ ਅਤੇ ਵੱਖ-ਵੱਖ ਵਿਭਾਗਾਂ ਦੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।