
ਹੁਸ਼ਿਆਰਪੁਰ/ਚੱਬੇਵਾਲ, 13 ਨਵੰਬਰ :- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਸੂਬੇ ਦੇ ਹਰ ਪਿੰਡ ਤੇ ਕਸਬੇ ਵਿਚ ਵਿਕਾਸ ਕਰਵਾਉਣ ਲਈ ਵਚਨਬੱਧ ਹੈ ਅਤੇ ਇਸੇ ਕੜੀ ਤਹਿਤ ਅੱਜ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵੱਖ-ਵੱਖ ਪਿੰਡਾਂ ਵਿਚ ਵਿਕਾਸ ਕਾਰਜਾਂ ਲਈ 5 ਕਰੋੜ 12 ਲੱਖ ਰੁਪਏ ਦੀ ਰਾਸ਼ੀ ਵੰਡੀ ਗਈ ਹੈ, ਆਉਣ ਵਾਲੇ ਸਮੇਂ ਦੌਰਾਨ ਵੀ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਨੇ ਵਿਕਾਸ ਕਾਰਜਾਂ ਲਈ ਰਾਸ਼ੀ ਦੀ ਵੰਡ ਕਰਨ ਸਮੇਂ ਕੀਤਾ ਅਤੇ ਇਸ ਮੌਕੇ ਅਧਿਕਾਰੀਆਂ ਤੇ ਪਿੰਡਾਂ ਦੇ ਮੋਹਤਬਰਾਂ ਨੂੰ ਅਪੀਲ ਕੀਤੀ ਕਿ ਵਿਕਾਸ ਲਈ ਜਾਰੀ ਕੀਤੇ ਗਏ ਇਹ ਫੰਡ ਪੂਰੇ ਪਾਰਦਰਸ਼ੀ ਤਰੀਕੇ ਨਾਲ ਖਰਚ ਕੀਤੇ ਜਾਣ ਅਤੇ ਵਿਕਾਸ ਕਾਰਜ ਕਰਨ ਸਮੇਂ ਨਾ ਤਾਂ ਕਿਸੇ ਤਰ੍ਹਾਂ ਦਾ ਭੇਦਭਾਵ ਕੀਤਾ ਜਾਵੇ ਤੇ ਨਾ ਹੀ ਕੁਆਲਿਟੀ ਦੇ ਪੱਖ ਤੋਂ ਕੋਈ ਸਮਝੌਤਾ ਕੀਤਾ ਜਾਵੇ। ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਸੂਬੇ ਦੀ ਆਪ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਉਹ ਸਾਰੇ ਵਾਅਦੇ ਇਕ-ਇਕ ਕਰਕੇ ਪੂਰੇ ਕਰ ਰਹੀ ਹੈ ਜੋ ਕਿ ਸਰਕਾਰ ਬਣਾਉਣ ਤੋਂ ਪਹਿਲਾ ਅਸੀਂ ਆਪਣੇ ਲੋਕਾਂ ਨਾਲ ਕੀਤੇ ਸਨ। ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਨੇ ਕਿਹਾ ਕਿ ਹਲਕਾ ਚੱਬੇਵਾਲ ਵਿਚ ਪਹਿਲਾ ਵੀ ਕਰੋੜਾਂ ਰੁਪਏ ਖ਼ਰਚ ਕਰਕੇ ਵੱਖ-ਵੱਖ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ ਅਤੇ ਭਵਿੱਖ ਵਿਚ ਵੀ ਵਿਕਾਸ ਕਾਰਜਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੱਬੇਵਾਲ ਹਲਕੇ ਨੂੰ ਸੂਬੇ ਦਾ ਮਾਡਲ ਹਲਕਾ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਦੀ ਝਲਕ ਹਲਕੇ ਦੇ ਪਿੰਡਾਂ-ਕਸਬਿਆਂ ਵਿਚ ਹੋਏ ਵਿਕਾਸ ਤੋਂ ਸਾਫ਼ ਦਿਖਾਈ ਵੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜਿੰਨੀਆਂ ਲੋਕ ਪੱਖੀ ਨੀਤੀਆਂ ਬਣਾ ਕੇ ਆਪ ਸਰਕਾਰ ਨੇ ਪਿਛਲੇ 4 ਸਾਲ ਵਿਚ ਜ਼ਮੀਨੀ ਪੱਧਰ ’ਤੇ ਲਾਗੂ ਕਰ ਦਿੱਤੀਆਂ ਹਨ ਓਨੀਆਂ ਤਾਂ ਵਿਰੋਧੀਆਂ ਨੇ ਕਦੇ ਸੁਪਨੇ ਵਿਚ ਵੀ ਨਹੀਂ ਸੋਚੀਆਂ ਸਨ। ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਬਦੌਲਤ ਸੂਬੇ ਅੰਦਰ ਆਮ ਆਦਮੀ ਪਾਰਟੀ ਦਾ ਗ੍ਰਾਫ ਪਹਿਲਾ ਨਾਲੋਂ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਮੌਜੂਦਾ ਸਮੇਂ ਕੋਈ ਵੀ ਠੋਸ ਮੁੱਦਾ ਨਹੀਂ ਹੈ ਜਦੋਂਕਿ ਆਮ ਆਦਮੀ ਪਾਰਟੀ ਵਿਕਾਸਮਈ ਵਿਜ਼ਨ ਨਾਲ ਅੱਗੇ ਵੱਧ ਰਹੀ ਹੈ।