Thursday, November 13Malwa News
Shadow

ਫਾਜ਼ਿਲਕਾ ਦੇ ਵਿਧਾਇਕ ਵੱਲੋਂ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੂੰ ਲਗਭਗ ਡੇਢ ਕਰੋੜ ਦੀ ਮੁਆਵਜਾ ਰਾਸ਼ੀ ਵੰਡੀ

ਫਾਜ਼ਿਲਕਾ 13 ਨਵੰਬਰ 2025…

ਫਾਜ਼ਿਲਕਾ ਦੇ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਪਿੰਡ ਗੁਲਾਬਾ ਭੈਣੀ, ਰਾਮ ਸਿੰਘ ਭੈਣੀ, ਝੰਗੜ ਭੇਣੀ, ਰੇਤੇ ਵਾਲੀ ਭੇਣੀ ਤੇ ਢਾਣੀ ਸੱਦਾ ਸਿੰਘ ਵਿਖੇ ਹੜ੍ਹਾਂ ਦੀ ਮਾਰ ਹੇਠ ਆ ਕੇ ਨੁਕਸਾਨੀਆਂ ਫਸਲਾਂ ਵਾਲੇ ਕਿਸਾਨਾਂ ਨੂੰ ਲਗਭਗ ਡੇਢ ਕਰੋੜ ਦੀ ਮੁਆਵਜਾ ਰਾਸ਼ੀ ਵੰਡੀ।

ਇਸ ਮੌਕੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਪਿਛਲੇ ਦਿਨੀਂ ਸੂਬੇ ਵਿੱਚ ਆਏ ਹੜ੍ਹਾਂ ਕਾਰਨ ਫਾਜ਼ਿਲਕਾ ਦੇ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ ਤੇ ਘਰਾਂ ਦਾ ਕਾਫ਼ੀ ਖ਼ਰਾਬਾ ਹੋਇਆ ਸੀ ਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਹੜ੍ਹ ਨਾਲ ਹੋਏ ਖਰਾਬੇ ਦਾ ਲੋਕਾਂ ਨੂੰ ਪੈਸਾ ਦਿੱਤਾ ਜਾਵੇਗਾ ਜਿਸਦੀ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਕਿਹਾ ਸੀ ਕਰ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਇਹ ਰਾਸ਼ੀ ਹੜ੍ਹ ਪੀੜਤਾਂ ਦੇ ਬੈਂਕ ਖਾਤਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਭੇਜੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਫਸਲਾਂ ਦੇ ਹੋਏ ਖਰਾਬੇ ਦੇ ਹਿਸਾਬ ਨਾਲ ਇਨ੍ਹਾਂ ਪਿੰਡਾਂ ਦੇ ਖਰਾਬੇ ਦੀ ਰਕਮ 2 ਕਰੋੜ 90 ਲੱਖ ਬਣਦੀ ਹੈ ਤੇ ਅੱਜ ਉਨ੍ਹਾਂ ਲਗਭਗ ਡੇਢ ਕਰੋੜ ਮੁਆਵਜ਼ਾ ਰਾਸ਼ੀ ਵੰਡ ਦਿੱਤੀ ਹੈ ਤੇ ਬਾਕੀ ਹੜ੍ਹ ਪ੍ਰਭਾਵਿਤ ਲੋਕਾਂ ਦਾ ਡਾਟਾ ਇਕੱਠਾ ਕਰਨ ਦਾ ਕੰਮ ਚੱਲ ਰਿਹਾ ਹੈ, ਮੁਆਵਜ਼ੇ ਦੀ ਰਕਮ ਉਨ੍ਹਾਂ ਪ੍ਰਭਾਵਿਤ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਵੀ ਭੇਜੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ 20 ਹਜ਼ਾਰ ਦੇ ਰੁਪਏ ਨਾਲ ਖਾਤਿਆਂ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਹੜ੍ਹ ਪੀੜਤਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਹੜ੍ਹ ਪੀੜਤ ਕਿਸਾਨ ਦਾ ਖਾਤਾ ਦੇਣਾ ਰਹਿੰਦਾ ਹੈ ਤਾਂ ਉਹ ਆਪਣੇ ਹਲਕੇ ਦੇ ਪਟਵਾਰੀ ਨੂੰ ਆਪਣਾ ਖਾਤਾ ਦੇ ਦੇਵੇ ਤਾਂ ਜੋ ਉਸ ਨੂੰ ਵੀ ਮੁਆਵਜ਼ਾ ਰਾਸ਼ੀ ਜਲਦੀ ਮਿਲ ਸਕੇ। ਉਨ੍ਹਾਂ ਹੜ੍ਹ ਵਰਗੀ ਔਖੀ ਘੜੀ ਵਿੱਚ ਉਨ੍ਹਾਂ ਨਾਲ ਖੜ੍ਹੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਹਮੇਸ਼ਾ ਹਰ ਸਥਿਤੀ ਵਿੱਚ ਆਪਣੇ ਹਲਕੇ ਦੇ ਲੋਕਾਂ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਪਸ਼ੂਆਂ ਤੇ ਘਰਾਂ ਦੇ ਖਰਾਬੇ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ।