
ਫ਼ਰੀਦਕੋਟ, 11 ਨਵੰਬਰ ( )- ਸ.ਗੁਰਮੀਤ ਸਿੰਘ ਖੁੱਡੀਆ, ਪਸ਼ੂ ਪਾਲਣ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਦੀ ਯੋਗ ਰਹਿਨੁਮਾਈ ਹੇਠ ਅਤੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਆਈ.ਏ.ਐਸ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਰੀਦਕੋਟ ਵਿਚ ਪੈਟ ਸ਼ਾਪ ਮਾਲਕਾਂ ਅਤੇ ਡਾਗ ਬਰੀਡਰਜ਼ ਨੂੰ ਆਪਣੀ ਰਜਿਸਟ੍ਰੇਸ਼ਨ ਪਸ਼ੂ ਭਲਾਈ ਬੋਰਡ ਪੰਜਾਬ ਕੋਲ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ । ਇਹ ਜਾਣਕਾਰੀ ਡਾ. ਸੁਰਜੀਤ ਸਿੰਘ ਮੱਲ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਫ਼ਰੀਦਕੋਟ ਨੇ ਦਿੱਤੀ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਪਸ਼ੂ ਭਲਾਈ ਬੋਰਡ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਸੂਬੇ ਵਿਚ ਕੰਮ ਕਰ ਰਹੀਆਂ ਪੈਟ ਸ਼ਾਪਸ ਅਤੇ ਡਾਗ ਬਰੀਡਿੰਗ ਸੈਂਟਰਾਂ ਨੂੰ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ, ਤਾਂ ਜੋ ਪਸ਼ੂਆਂ ਦੀ ਸੰਭਾਲ, ਖੁਰਾਕ, ਵੈਕਸੀਨੇਸ਼ਨ, ਰਿਹਾਇਸ਼ ਅਤੇ ਸੰਕਟ ਸਮੇਂ ਉਪਲਬਧ ਸਹੂਲਤਾਂ ਨੂੰ ਨਿਯਮਬੱਧ ਅਤੇ ਪ੍ਰਮਾਣਿਤ ਢੰਗ ਨਾਲ ਯਕੀਨੀ ਬਣਾਇਆ ਜਾ ਸਕੇ।
ਡਾ. ਮੱਲ ਨੇ ਕਿਹਾ ਕਿ ਜ਼ਿਲ੍ਹਾ ਪੱਧਰ ਅਤੇ ਤਹਿਸੀਲ ਪੱਧਰ ‘ਤੇ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਅਧਿਕਾਰੀ, ਵਣ ਵਿਭਾਗ, ਸਥਾਨਕ ਨਿਗਮ, ਪੁਲਿਸ ਵਿਭਾਗ ਅਤੇ ਐਸ.ਪੀ.ਸੀ.ਏ. ਦੇ ਗੈਰ-ਸਰਕਾਰੀ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਕਮੇਟੀਆਂ ਵੱਲੋਂ ਪੈਟ ਸ਼ਾਪਸ ਅਤੇ ਡਾਗ ਬਰੀਡਰਜ਼ ਦੀ ਜਾਂਚ ਕਰਕੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਧਿਆਨ ਵਿੱਚ ਆਇਆ ਹੈ ਕਿ ਅਜੇ ਤੱਕ ਵੀ ਫਰੀਦਕੋਟ ਜ਼ਿਲ੍ਹੇ ਵਿੱਚ ਕਈ ਪੈਟ ਸ਼ਾਪਸ ਅਤੇ ਡਾਗ ਬਰੀਡਰਜ਼ ਵਲੋਂ ਆਪਣੀ ਰਜ਼ਿਸਟਰੇਸ਼ਨ ਨਹੀਂ ਕਰਵਾਈ ਗਈ, ਜੋ ਕਿ ਪੰਜਾਬ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਹੈ।
ਡਾ. ਸੁਰਜੀਤ ਸਿੰਘ ਮੱਲ ਨੇ ਸਾਰੇ ਪੈਟ ਸ਼ਾਪ ਮਾਲਕਾਂ ਅਤੇ ਡਾਗ ਬਰੀਡਰਜ਼ ਨੂੰ ਅਪੀਲ ਕੀਤੀ ਕਿ ਉਹ ਜ਼ਰੂਰੀ ਦਸਤਾਵੇਜ਼ਾਂ ਸਮੇਤ ਆਪਣੀ ਰਜਿਸਟ੍ਰੇਸ਼ਨ ਜਲਦੀ ਕਰਵਾਉਣ ਲਈ ਪਸ਼ੂ ਪਾਲਣ ਵਿਭਾਗ ਜਾਂ ਸਬੰਧਤ ਕਮੇਟੀ ਨਾਲ ਸੰਪਰਕ ਕਰਨ। ਇਹ ਉਨ੍ਹਾਂ ਦੀ ਨੈਤਿਕ ਅਤੇ ਕਾਨੂੰਨੀ ਜ਼ਿੰਮੇਵਾਰੀ ਹੈ, ਅਤੇ ਪੰਜਾਬ ਸਰਕਾਰ ਵੱਲੋਂ ਰਜਿਸਟ੍ਰੇਸ਼ਨ ਤੋਂ ਇਨਕਾਰ ਜਾਂ ਟਾਲਮਟੋਲ ਕਰਨ ਵਾਲਿਆਂ ਜਾਂ ਬਿਨਾਂ ਰਜਿਸਟਰੇਸ਼ਨ ਕਰਵਾਇਆ ਪੈਟਸ ਦੀ ਖਰੀਦੋ-ਫਰੋਖਤ ਅਤੇ ਬਰੀਡਿੰਗਜ਼ ਦਾ ਕੰਮ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।