
ਮਾਨਸਾ, 11 ਨਵੰਬਰ- ਮਾਨਸਾ ਸ਼ਹਿਰ ਵਾਸੀਆਂ ਨੂੰ ਜਲਦ ਹੀ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। 43.90 ਕਰੋੜ ਦੀ ਲਾਗਤ ਨਾਲ ਸ਼ਹਿਰ ਦੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਸ਼ਹਿਰ ਤੋਂ ਲੈ ਕੇ ਸਹਾਰਨਾ ਸਰਹੰਦ ਚੋਅ ਤੱਕ ਪਾਈਪ ਲਾਈਨ (ਰਾਈਸਿੰਗ ਮੇਨ) ਪਾਉਣ ਦਾ ਪ੍ਰੋਜੈਕਟ ਤੇਜ਼ੀ ਨਾਲ ਜਾਰੀ ਹੈ, ਜਿਸ ਦੇ ਕੰਮ ਦਾ ਜਾਇਜ਼ਾ ਵਿਧਾਇਕ ਵਿਜੈ ਸਿੰਗਲਾ ਅਤੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਵਲੋਂ ਲਿਆ ਗਿਆ।
ਇਸ ਮੌਕੇ ਵਿਧਾਇਕ ਵਿਜੈ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਾਨਸਾ ਸ਼ਹਿਰ ਦੀ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਸੀਵਰੇਜ ਬੋਰਡ ਰਾਹੀਂ 43.90 ਕਰੋੜ ਰੁਪਏ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਸੀਵਰੇਜ ਟ੍ਰੀਟਮੈਂਟ ਪਲਾਂਟ ਤੋਂ ਸੋਧਿਆ ਪਾਣੀ ਮੇਨ ਪੰਪਿੰਗ ਸਟੇਸ਼ਨ ਮਾਨਸਾ ਤੋਂ ਸਹਾਰਨਾ ਸਰਹੰਦ ਚੋਅ ਤੱਕ 15 ਕਿਲੋਮੀਟਰ ਲੰਬੀ ਪਾਇਪਲਾਈਨ ਪਾਈ ਜਾ ਰਹੀ ਹੈ। ਇਸ ਪ੍ਰੋਜੈਕਟ ਤਹਿਤ 75 ਐਚ ਪੀ ਦੇ 4 ਨਵੇਂ ਪੰਪ ਲਾਏ ਜਾਣਗੇ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਮਾਨਸਾ ਵਾਸੀਆਂ ਨੂੰ ਸੀਵਰੇਜ ਦੇ ਮਸਲੇ ਤੋਂ ਨਿਜਾਤ ਮਿਲਣ ਨਾਲ ਸ਼ਹਿਰ ਦੀ ਵੱਡੀ ਸਮੱਸਿਆ ਹੱਲ ਹੋ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਆਈ ਏ ਐੱਸ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਉਹ ਲਗਾਤਾਰ ਨਵੇਂ ਅਤੇ ਚੱਲ ਰਹੇ ਪ੍ਰੋਜੈਕਟਾਂ ਦਾ ਨਿਰੀਖਣ ਕਰ ਰਹੇ ਹਨ ਤਾਂ ਜੋ ਕੰਮ ਪੂਰੀ ਪਾਰਦਰਸ਼ਤਾ ਅਤੇ ਮਿਆਰੀ ਰੂਪ ਵਿਚ ਕਰਵਾਏ ਜਾ ਸਕਣ। ਓਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਓਨ੍ਹਾਂ ਕਿਹਾ ਕਿ ਸੀਵਰੇਜ ਪ੍ਰੋਜੈਕਟ ਤਹਿਤ ਪਾਇਪਲਾਈਨ ਪਾਉਣ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ ਅਤੇ 4 ਨਵੇਂ ਪੰਪ ਵੀ ਲਾਏ ਜਾਣਗੇ।
ਇਸ ਮੌਕੇ ਐਕਸੀਅਨ ਸੀਵਰੇਜ ਬੋਰਡ ਰਾਜਿੰਦਰ ਗਰਗ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕੰਮ ਮਾਰਚ ਅੰਤ ਤਕ ਮੁਕੰਮਲ ਹੋ ਜਾਵੇਗਾ ਜਿਸ ਮਗਰੋਂ ਮਾਨਸਾ ਸ਼ਹਿਰ ਵਿਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ ਹੋ ਜਾਵੇਗਾ।