
ਬਰਨਾਲਾ, 10 ਨਵੰਬਰ– ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਬਰਨਾਲਾ, ਮੌੜ ਨਾਭਾ, ਜੋਧਪੁਰ, ਸੇਖਾ, ਸੰਘੇੜਾ, ਝਲੂਰ ਅਤੇ ਕਰਮਗੜ੍ਹ ਦਾ ਦੌਰਾ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਪਰਾਲੀ ਨੂੰ ਸਾੜਨ ਦੀ ਬਜਾਏ, ਖੇਤਾਂ ਵਿਚ ਹੀ ਜਾਂ ਖੇਤਾਂ ਤੋਂ ਬਾਹਰ ਇਸਦਾ ਪ੍ਰਬੰਧ ਕਰਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਰਾਲੀ ਪ੍ਰਬੰਧਾਂ ਲਈ ਕਿਸਾਨਾਂ ਨੂੰ ਸਬਸਿਡੀ ਵਾਲੀਆਂ ਮਸ਼ੀਨਾਂ ਦਿੱਤੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਲਗਭਗ 90 ਬੇਲਰ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਹਨ ਜੋ ਝੋਨੇ ਦੀ ਪਰਾਲੀ ਇਕੱਠੀ ਕਰਕੇ ਉਸ ਦੀਆਂ ਗੱਠਾਂ ਬਣਾ ਕੇ ਡੰਪ ਸਾਈਟਾਂ ਤੇ ਰੱਖਦੇ ਹਨ। ਇਨ੍ਹਾਂ ਵਿੱਚੋਂ 10 ਵੱਡੇ ਬੇਲਰ ਹੋਰ ਜ਼ਿਲ੍ਹਿਆਂ ਤੋਂ ਵੀ ਆਏ ਹਨ ਜੋ ਪ੍ਰਤੀਦਿਨ 300-400 ਏਕੜ ਪਰਾਲੀ ਦੀ ਸੰਭਾਲ ਕਰ ਰਹੇ ਹਨ।
ਉਹਨਾਂ ਦੱਸਿਆ ਕਿ ਇਸ ਸਮੇਂ 16 ਵੱਖ-ਵੱਖ ਡੰਪ ਸਾਈਟਾਂ ਹਨ ਜਿੱਥੇ ਪਰਾਲੀ ਦੀਆਂ ਗੱਠਾਂ ਸੰਭਾਲੀਆਂ ਜਾ ਰਹੀਆਂ ਹਨ। ਉਨ੍ਹਾਂ ਪਿੰਡ ਗਹਿਲ ਦੇ 5 ਕਿਸਾਨਾਂ ਦੀ ਸ਼ਲਾਘਾ ਕੀਤੀ ਜੋ ਬੇਲਰ ਚਲਾ ਕੇ ਪਰਾਲੀ ਦਾ ਪ੍ਰਬੰਧ ਕਰਨ ਦੇ ਨਾਲ ਹੋਰਨਾਂ ਕਿਸਾਨਾਂ ਦੀ ਪਰਾਲੀ ਪ੍ਰਬੰਧਨ ਵਿਚ ਮਦਦ ਕਰਦੇ ਹਨ। ਉਹਨਾਂ ਹੋਰਨਾਂ ਕਿਸਾਨਾਂ ਨੂੰ ਵੀ ਇਸ ਤਰ੍ਹਾਂ ਦੀ ਪਹਿਲ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਡੰਪ ਸਾਈਟਾਂ ਚੰਨਣਵਾਲ, ਹੰਡਿਆਇਆ, ਤਾਜੋਕੇ, ਰੂੜੇਕੇ ਖੁਰਦ, ਹਰਿਗੜ੍ਹ, ਖੁੱਡੀ ਕਲਾਂ, ਧੌਲਾ, ਗਿੱਲ ਕੋਠੇ (ਸ਼ਹਿਣਾ), ਵਜੀਦਕੇ ਕਲਾਂ, ਗਹਿਲ, ਭੈਣੀ ਜੱਸਾ, ਨਾਈਵਾਲਾ ਰੋਡ, ਪੱਤੀ ਸੇਖਵਾਂ, ਜੋਗਾ (ਮਾਨਸਾ) ਅਤੇ ਪੰਜਗਰਾਈਂ (ਸੰਗਰੂਰ) ਵਿਚ ਸਥਿਤ ਹਨ।
ਡਿਪਟੀ ਕਮਿਸ਼ਨਰ ਨੇ ਉਹਨਾਂ ਕਿਸਾਨਾਂ ਦੀ ਵੀ ਪ੍ਰਸ਼ੰਸਾ ਕੀਤੀ ਜੋ ਪਰਾਲੀ ਨੂੰ ਸਾੜਦੇ ਨਹੀਂ ਹਨ ਅਤੇ ਹੋਰ ਕਿਸਾਨਾਂ ਨੂੰ ਇਨ੍ਹਾਂ ਕਿਸਾਨਾਂ ਤੋਂ ਸੇਧ ਲੈਣ ਲਈ ਕਿਹਾ।
ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਪੱਖੋ ਕੈਂਚੀਆਂ, ਫਰਵਾਹੀ, ਤਪਾ, ਭੋਤਨਾ, ਗੰਗੋਹਰ, ਚੀਮਾ, ਧਨੌਲਾ, ਢਿਲਵਾਂ ਆਦਿ ਇਲਾਕਿਆਂ ਦਾ ਦੌਰਾ ਕੀਤਾ। ਟੀਮਾਂ ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ਦੀ ਨਜ਼ਰਸਾਨੀ ਕਰ ਰਹੀਆਂ ਹਨ । ਉਨ੍ਹਾਂ ਕਿਹਾ ਕਿ ਪਰਾਲੀ ਪ੍ਰਬੰਧਨ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਪਿੰਡਾਂ ਵਿੱਚ ਮਿਲ ਕੇ ਕੰਮ ਕਰ ਰਹੀਆਂ ਹਨ।