Sunday, November 9Malwa News
Shadow

ਬੀਰੋਕੇ ਦੇ ਕਿਸਾਨ ਨੇ 12 ਸਾਲ ਤੋਂ ਪਰਾਲੀ ਨੂੰ ਨਹੀਂ ਲਾਈ ਅੱਗ; ਲਾਗਤ ਘਟੀ, ਮਿੱਟੀ ਦੀ ਸਿਹਤ ਸੁਧਰੀ

ਮਾਨਸਾ, 9 ਨਵੰਬਰ-   ਜ਼ਿਲ੍ਹਾ ਮਾਨਸਾ ਦੇ ਪਿੰਡ ਬੀਰੋਕੇ ਕਲਾਂ ਦਾ ਕਿਸਾਨ ਸੁਖਜੀਤ ਸਿੰਘ (38 ਸਾਲ) ਸਾਲ 2013 ਤੋਂ ਪਰਾਲੀ ਪ੍ਰਬੰਧਨ ਕਰਕੇ ਅਤੇ ਕੁਦਰਤੀ ਖੇਤੀ ਨਾਲ ਜੁੜ ਕੇ ਸਫਲ ਅਤੇ ਉੱਦਮੀ ਕਿਸਾਨ ਵਜੋਂ ਉਭਰਿਆ ਹੈ।

       ਸੁਖਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗ੍ਰੈਜੂਏਟ ਹੈ ਅਤੇ ਕਰੀਬ 12 ਸਾਲਾਂ ਤੋਂ ਆਪਣੇ ਭਰਾ ਨਾਲ ਮਿਲ ਕੇ ਆਪਣੀ ਅੱਠ ਏਕੜ ਜ਼ਮੀਨ ਵਿੱਚ ਪਰਾਲੀ ਦਾ ਖੇਤ ਵਿਚ ਨਿਬੇੜਾ ਅਤੇ ਮਲਚਿੰਗ ਕਰ ਰਿਹਾ ਹੈ। ਪਰਾਲੀ ਪ੍ਰਬੰਧਨ ਅਤੇ ਕੁਦਰਤੀ ਖੇਤੀ ਨਾਲ ਖੇਤੀ ਲਾਗਤ 40 ਤੋਂ 50 ਫ਼ੀਸਦੀ ਘਟੀ ਹੈ ਜਿਸ ਸਦਕਾ ਓਸਨੂੰ ਵਧੀਆ ਆਮਦਨ ਹੋ ਰਹੀ ਹੈ। ਇਸ ਸਾਲ ਵੀ ਉਹ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰੇਗਾ।

      ਕਿਸਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਸਾਲ 2012 ਵਿੱਚ ਪਰਾਲੀ ਨੂੰ ਅੱਗ ਲਾਉਣ ਕਰਕੇ ਖੇਤ ਵਿਚ ਉਸਨੇ ਸੱਪ ਅਤੇ ਕੁਝ ਜੀਵ-ਜੰਤੂ ਮਰੇ ਦੇਖੇ। ਇਸ ਤੋਂ ਇਲਾਵਾ ਓਸਦੇ ਭਰਾ ਦੇ ਨਵਜੰਮੇ ਪੁੱਤਰ ਨੂੰ ਜਮਾਂਦਰੂ ਬਿਮਾਰੀ ਦਾ ਪਤਾ ਲੱਗਿਆ । ਪੀਜੀਆਈ, ਚੰਡੀਗੜ੍ਹ ਦੇ ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਇਹ ਜ਼ਮੀਨ ਵਿਚ ਖੁਰਾਕੀ ਤੱਤਾਂ ਦੀ ਘਾਟ ਅਤੇ ਖੇਤੀ ਰਸਾਇਣਾਂ ਦੀ ਵਧਦੀ ਵਰਤੋਂ ਕਾਰਨ ਹੋ ਸਕਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਖੇਤੀ ਲਈ ਕਿਸੇ ਵੀ ਰਸਾਇਣ ਦੀ ਵਰਤੋਂ ਨਾ ਕਰਨ ਦਾ ਫ਼ੈਸਲਾ ਕੀਤਾ ਅਤੇ ਪਰਾਲੀ ਸਾੜਨੀ ਵੀ ਛੱਡ ਦਿੱਤੀ।

    ਸੁਖਜੀਤ ਸਿੰਘ ਨੇ ਦੱਸਿਆ ਕਿ ਪਰਾਲੀ ਪ੍ਰਬੰਧਨ ਅਤੇ ਜੈਵਿਕ ਖੇਤੀ ਨਾਲ ਜਿੱਥੇ ਕਣਕ – ਝੋਨੇ ਦੀ ਫ਼ਸਲ ਦੀ 40 ਤੋਂ 50 ਫ਼ੀਸਦੀ ਲਾਗਤ ਘਟੀ, ਓਥੇ ਓਸਦੇ ਖੇਤ ਦੀ ਮਿੱਟੀ ਦੀ ਸਿਹਤ ਵਿੱਚ ਵੱਡਾ ਸੁਧਾਰ ਹੋਇਆ। ਓਸਨੇ ਦੱਸਿਆ ਕਿ ਤਕਰੀਬਨ 2 ਸਾਲ ਬਾਅਦ ਮਿੱਟੀ ਦੇ ਜੈਵਿਕ ਤੱਤਾਂ ਦੇ ਟੈਸਟ ਕਰਾਉਂਦਾ ਹੈ ਅਤੇ ਹਰ ਵਾਰ ਮਿੱਟੀ ਦੀ ਸਿਹਤ ਵਿੱਚ ਸੁਧਾਰ ਦੇਖਣ ਨੂੰ ਮਿਲਦਾ ਹੈ।

 ਸੁਖਜੀਤ ਸਿੰਘ ਨੇ ਦੱਸਿਆ ਕਿ ਸੁਪਰ ਸੀਡਰ ਨਾਲ ਪਰਾਲੀ ਨੂੰ ਖੇਤ ਵਿਚ ਰਲਾਉਣ ਦੇ ਨਾਲ ਨਾਲ ਉਹ ਮਲਚਿੰਗ ਵੀ ਕਰਦਾ ਹੈ। ਓਹ ਕਣਕ, ਝੋਨੇ ਤੋਂ ਇਲਾਵਾ ਛੋਲੇ, ਦਾਲਾਂ, ਗੰਨਾ, ਹਲਦੀ ਆਦਿ ਵੀ ਲਾਉਂਦਾ ਹੈ। ਓਸਨੇ ਦੱਸਿਆ ਕਿ ਇਨ੍ਹਾਂ ਫ਼ਸਲਾਂ ਵਿੱਚ ਉਹ ਪਰਾਲੀ ਨੂੰ ਮਲਚ ਕਰਦਾ ਹੈ, ਜਿਸ ਨਾਲ ਇਨ੍ਹਾਂ ਫ਼ਸਲਾਂ ਖਾਸ ਕਰਕੇ ਹਲਦੀ ਦੇ ਝਾੜ ਵਿੱਚ ਵੱਡਾ ਫਰਕ ਦੇਖਣ ਨੂੰ ਮਿਲਿਆ।

ਓਸਨੇ ਦੱਸਿਆ ਕਿ ਪਰਾਲੀ ਪ੍ਰਬੰਧਨ ਨੇ ਓਸਨੂੰ ਕੁਦਰਤੀ ਖੇਤੀ ਵੱਲ ਲਿਆਂਦਾ, ਜਿਸ ਮਗਰੋਂ ਉਸ ਫ਼ਸਲੀ ਵਿਭਿੰਨਤਾ ਵੱਲ ਆਇਆ ਅਤੇ ਹੁਣ ਉਹ ਦਾਲਾਂ, ਮੋਟੇ ਅਨਾਜ, ਹਲਦੀ ਤੇ ਹੋਰ ਖਾਦ ਪਦਾਰਥਾਂ ਦੀ ਪ੍ਰੋਸੈਸਿੰਗ ਵੀ ਕਰ ਰਿਹਾ ਹੈ। ਓਸਨੇ ਆਪਣੇ ਘਰ ਵਿਚ ਸਟੋਰ ਬਣਾਇਆ ਹੈ ਜਿੱਥੇ ਉਹ ਮੋਟੇ ਅਨਾਜ, ਮੋਟੇ ਅਨਾਜਾਂ ਦਾ ਆਟਾ, ਬਿਸਕੁਟ, ਹਲਦੀ, ਹਲਦੀ ਪੰਜੀਰੀ, ਵੱਖ ਵੱਖ ਤਰ੍ਹਾਂ ਤੇ ਤੇਲ, ਗੁੜ, ਸ਼ੱਕਰ, ਜੈਵਿਕ ਮਸਾਲੇ ਆਦਿ ਰੱਖਦਾ ਹੈ ਅਤੇ ਇਸਦਾ ਸਮਾਨ ਘਰ ਤੋਂ ਜਾਂ ਆਨਲਾਈਨ ਵਿਕ ਜਾਂਦਾ ਹੈ।

ਇਸ ਤੋਂ ਇਲਾਵਾ ਓਸਦੇ ਦੇਸੀ ਬੀਜਾਂ ਦੀ ਮੰਗ ਬਹੁਤ ਜਿਆਦਾ ਹੈ ਜਿਸ ਤੋਂ ਇਸ ਵਧੀਆ ਕਮਾਈ ਕਰ ਰਿਹਾ ਹੈ। 

  ਸੁਖਜੀਤ ਸਿੰਘ ਨੇ ਦੱਸਿਆ ਕਿ ਇਸ ਵਾਰ ਓਨ੍ਹਾਂ ਦੇ “ਨੈਚੁਰਲ ਡਰੋਪਸ ਆਜੀਵਿਕਾ ਸੈਲਫ ਹੈਲਪ ਗਰੁੱਪ” ਨੂੰ 14 ਤੋਂ 27 ਨਵੰਬਰ ਤੱਕ ਦਿੱਲੀ ਵਿਚ ਹੋ ਰਹੇ 44ਵੇਂ ਇੰਡੀਆ ਇੰਟਰਨੈਸ਼ਨਲ ਵਪਾਰ ਮੇਲੇ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ ਅਤੇ ਓਨ੍ਹਾਂ ਦੇ ਗਰੁੱਪ ਦੀ ਪ੍ਰੋਸੈੱਸਡ ਫੂਡ (ਮਿਲੇਟਜ਼) ਵਿੱਚ ਪੰਜਾਬ ਵਲੋਂ ਸਟਾਲ ਲੱਗ ਰਹੀ ਹੈ।

*ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਕੀਤੀ ਸ਼ਲਾਘਾ*

ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਆਈ ਏ ਐੱਸ ਨੇ ਬੀਰੋਕੇ ਕਲਾਂ ਦੇ ਕਿਸਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੁਖਜੀਤ ਸਿੰਘ ਨੇ ਪਰਾਲੀ ਪ੍ਰਬੰਧਨ ਅਤੇ ਜੈਵਿਕ ਖੇਤੀ ਵਿੱਚ ਨਵੀਆਂ ਪੈੜਾਂ ਪਾਈਆਂ ਹਨ। ਸੁਖਜੀਤ ਸਿੰਘ ਨਵੀਆਂ ਤਕਨੀਕਾਂ ਜਿਵੇਂ ਬੈਡ ਪਲਾਂਟਿੰਗ, ਸੁਪਰ ਸੀਡਰ ਆਦਿ ਮਸ਼ੀਨਰੀ ਦਾ ਲਾਹਾ ਲੈਂਦਾ ਹੈ। ਇਹ ਕਿਸਾਨ ਜਿੱਥੇ ਸਫਲ ਕਿਸਾਨ ਵਜੋਂ ਉਭਰਿਆ ਹੈ, ਓਥੇ ਸਫ਼ਲ ਉੱਦਮੀ ਵਜੋਂ ਜੈਵਿਕ ਖਾਦ ਪਦਾਰਥਾਂ ਦੀ ਪ੍ਰੋਸੈਸਿੰਗ ਦੇ ਕਾਰੋਬਾਰ ਅਤੇ ਦੂਜੇ ਕਿਸਾਨਾਂ ਨੂੰ ਸੇਧ ਦੇਣ ਵਾਲੇ ਅਗਾਂਹਵਧੂ ਕਿਸਾਨ ਵਜੋਂ ਪਛਾਣ ਬਣਾ ਚੁੱਕਾ ਹੈ। ਓਨ੍ਹਾਂ ਦੱਸਿਆ ਕਿ ਸੁਖਜੀਤ ਸਿੰਘ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਉਹ ਜ਼ਿਲ੍ਹੇ ਦੇ ਕਿਸਾਨਾਂ ਲਈ ਵੱਡੀ ਉਦਾਹਰਣ ਹੈ।

*ਬਾਹਰਲੇ ਦੇਸ਼ਾਂ ਵਿੱਚ ਵੀ ਜਾ ਰਹੇ ਹਨ ਬੀਰੋਕੇ ਦੇ ਉਤਪਾਦ*

ਸੁਖਜੀਤ ਸਿੰਘ ਨੇ ਦੱਸਿਆ ਕਿ ਬੀਰੋਕੇ ਨੈਚੁਰਲ ਫਾਰਮ ਦੇ ਉਤਪਾਦ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਅਤੇ ਬਾਹਰਲੇ ਦੇਸ਼ਾਂ ਵਿੱਚ ਵੀ ਜਾ ਰਹੇ ਹਨ। ਓਹ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਸਣੇ ਕਰੀਬ 6 ਬਾਹਰਲੇ ਦੇਸ਼ਾਂ ਵਿੱਚ ਵੀ ਜੈਵਿਕ ਉਤਪਾਦ ਭੇਜ ਰਹੇ ਹਨ।

*ਲਾਗਤ ਘਟਣ ਨਾਲ 20 ਤੋਂ 30 ਫੀਸਦੀ ਅਮਦਨ ਵਧੀ*

ਸੁਖਜੀਤ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਜ਼ਮੀਨ ਵਿਚ ਵਾਹੁਣ ਅਤੇ ਕੁਦਰਤੀ ਖੇਤੀ ਨਾਲ ਉਸਦੀ ਆਮਦਨ 20 ਤੋਂ 30 ਫੀਸਦੀ ਵਧੀ ਹੈ। ਓਨ੍ਹਾਂ ਦੱਸਿਆ ਕਿ ਆਮ ਤੌਰ ‘ਤੇ ਕਣਕ ਦੀ ਫ਼ਸਲ ਦਾ ਪ੍ਰਤੀ ਏਕੜ ਖਰਚਾ 10 ਹਜ਼ਾਰ ਰੁਪਏ ਪ੍ਰਤੀ ਏਕੜ ਤੱਕ ਆ ਜਾਂਦਾ ਹੈ, ਜਦਕਿ ਉਸਦਾ 4 ਹਜ਼ਾਰ ਰੁਪਏ ਪ੍ਰਤੀ ਏਕੜ ਤੱਕ ਹੀ ਆਉਂਦਾ ਹੈ। ਇਸੇ ਤਰ੍ਹਾਂ ਝੋਨੇ ਦਾ ਆਮ ਕਿਸਾਨ ਦਾ ਖ਼ਰਚਾ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਏਕੜ ਆਉਂਦਾ ਹੈ ਜਦਕਿ ਉਸਦਾ ਖਰਚਾ 8 ਤੋਂ 10 ਹਜ਼ਾਰ ਰੁਪਏ ਤਕ ਹੀ ਆਉਂਦਾ ਹੈ। ਓਸਨੇ ਦੱਸਿਆ ਕਿ ਰਸਾਇਣਾਂ ਦੀ ਲਾਗਤ ਘਟਣ, ਮਿੱਟੀ ਦੇ ਸਿਹਤ ਸੁਧਾਰ ਅਤੇ ਪ੍ਰੋਸੈਸਿੰਗ ਬਦੌਲਤ ਓਸ ਦੀ 20 ਤੋਂ 30 ਫੀਸਦੀ ਆਮਦਨ ਵਧੀ ਹੈ।