Sunday, December 7Malwa News
Shadow

ਨਾਈਵਾਲਾ ਪਿੰਡ ਦਾ ਸੂਝਵਾਨ ਕਿਸਾਨ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਰਦਾ ਹੈ ਉਸਦਾ ਪ੍ਰਬੰਧਨ

ਬਰਨਾਲਾ, 3 ਨਵੰਬਰ- ਰਣਬੀਰ ਸਿੰਘ ਪੁੱਤਰ ਹਰਮਹਿੰਦਰ ਸਿੰਘ ਪਿੰਡ ਨਾਈਵਾਲਾ ਦਾ ਇੱਕ ਸੂਝਵਾਨ ਸਫਲ ਕਿਸਾਨ ਹੈ ਜੋ 25 ਏਕੜ ਜ਼ਮੀਨ ‘ਚ ਪਰਾਲੀ ਦਾ ਪ੍ਰਬੰਧਨ ਉਸ ਨੂੰ ਬਿਨਾਂ ਅੱਗ ਲਗਾਏ ਕਰ ਰਿਹਾ ਹੈ। ਉਸ ਨੇ ਪਿਛਲੇ 8 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਹੈ।

ਕਿਸਾਨ ਰਣਬੀਰ ਸਿੰਘ ਨੇ ਦੱਸਿਆ ਕਿ ਉਹ ਸਾਲ 2015 ਤੋਂ ਖੇਤੀਬਾੜੀ ਮਹਿਕਮੇ ਨਾਲ ਜੁੜੇ ਹਨ ਅਤੇ ਹਾੜੀ ਸਾਉਣੀ ਦੇ ਕੈਂਪਾਂ ਵਿੱਚ ਸ਼ਮੂਲੀਅਤ ਕਰਦੇ ਹਨ। ਮਹਿਕਮੇ ਤੋਂ ਸੇਧ ਲੈ ਕੇ ਰਣਵੀਰ ਸਿੰਘ ਅੱਗ ਲਗਾਏ ਬਿਨ੍ਹਾਂ ਕਣਕ ਝੋਨੇ ਦੀ ਖੇਤੀ ਕਰਦੇ ਹਨ।

ਰਣਵੀਰ ਸਿੰਘ ਨੇ ਸਬਸਿਡੀ ‘ਤੇ ਮਹਿਕਮੇ ਵੱਲੋਂ ਖੇਤੀ ਦੇ ਸੰਦ ਜਿਵੇਂ ਕਿ ਸੁਪਰ ਸੀਡਰ, ਆਰ.ਐੱਮ.ਬੀ. ਪਲੇਅ, ਰੋਟਾਵੇਟਰ, ਮਲਚਰ, ਆਦਿ ਲਏ ਹਨ। ਇਹਨਾਂ ਸੰਦਾਂ ਨਾਲ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਹਨ ਅਤੇ ਆਪਣੇ ਖੇਤ ਦੇ ਮਿੱਤਰ ਕੀੜਿਆਂ ਨੂੰ ਬਚਾਉਂਦੇ ਹਨ।

ਰਣਬੀਰ ਸਿੰਘ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆ ਕਿਸਮਾਂ ਪੀ.ਆਰ.26, ਪੀ.ਆਰ.131 ਬੀਜਦੇ ਹਨ। ਇਹ ਝੋਨੇ ਦੀ ਪਰਾਲੀ ਨੂੰ ਮਲਚਰ ਕਰਕੇ ਆਰ.ਐੱਮ.ਬੀ. ਪਲੇਅ ਦਾ ਇਸਤੇਮਾਲ ਕਰਦਿਆਂ ਜ਼ਮੀਨ ਨੂੰ ਪਲਟਾ ਕੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਦੇ ਹਨ।

ਰਣਵੀਰ ਸਿੰਘ ਨੇ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਨਾਈਵਾਲ ਦੇ ਸਕੂਲ ਅਤੇ +2 ਦੀ ਪੜ੍ਹਾਈ ਪਿੰਡ ਠੀਕਰੀਵਾਲ ਦੇ ਸਰਕਾਰੀ ਸਕੂਲ ਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਖੇਤੀ ਮਾਹਰਾਂ ਦੀ ਸਲਾਹ ਨਾਲ ਹੀ ਪਰਾਲੀ ਦਾ ਪ੍ਰਬੰਧਨ ਕਰਦੇ ਹਨ।

ਪਿਛਲੇ 8 ਸਾਲਾਂ ਚ ਝੋਨੇ ਦਾ ਝਾੜ ਵੀ ਵਧਿਆ ਹੈ। ਨਾਲ ਹੀ ਉਸ ਦੀ ਲਾਗਤ ਵੀ ਘਟੀ ਹੈ ਜਿਸ ਤਹਿਤ ਉਸ ਨੂੰ ਯੂਰੀਆ ਅਤੇ ਖਾਦ ਦੀ ਘੱਟ ਲੋੜ ਪੈਂਦੀ ਹੈ। ਖੇਤੀ ਰਹਿੰਦ ਖੂੰਹਦ ਮਿੱਟੀ ਵਿੱਚ ਹੀ ਰਲਾ ਕੇ ਉਸ ਦੇ ਖੇਤਾਂ ਦੀ ਮਿੱਟੀ ਦੀ ਉਪਜਾਉ ਸ਼ਕਤੀ ਵਧੀ ਹੈ ਅਤੇ ਖਾਦ ਦੀ ਵਰਤੋਂ ਘਟੀ ਹੈ।