
ਸਰਦੂਲਗੜ੍ਹ/ਮਾਨਸਾ, 31 ਅਕਤੂਬਰ:- ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਚਾਇਤ ਮੰਤਰੀ ਤਰੁਨਦੀਪ ਸੌਂਦ ਦੀ ਰਹਿਨੁਮਾਈ ਹੇਠ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਮੈਦਾਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਤਹਿਤ ਹਲਕਾ ਸਰਦੂਲਗੜ੍ਹ ਲਈ ਪਹਿਲੇ ਫੇਜ਼ ਅਧੀਨ 39 ਆਧੁਨਿਕ ਖੇਡ ਮੈਦਾਨ ਪਾਸ ਹੋਏ ਹਨ।
ਇਹ ਜਾਣਕਾਰੀ ਹਲਕਾ ਵਿਧਾਇਕ ਸਰਦੂਲਗੜ੍ਹ ਸ੍ਰ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ 01 ਕਰੋੜ 91 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ 05 ਖੇਡ ਮੈਦਾਨਾਂ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਦਿੱਤੀ।ਉਨ੍ਹਾਂ ਦੱਸਿਆ ਕਿ ਹਲਕਾ ਸਰਦੂਲਗੜ੍ਹ ਦੇ ਨੌਜਵਾਨਾਂ ਦੀ ਵੱਡੀ ਮੰਗ ਨੂੰ ਪੂਰਾ ਕਰਦਿਆਂ ਪਾਸ ਹੋਏ 39 ਖੇਡ ਮੈਦਾਨਾਂ ਵਿਚੋਂ 05 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਪਿੰਡ ਵਾਸੀਆਂ ਤੋਂ ਟੱਕ ਲਗਵਾ ਕੇ ਸ਼ੁਰੂ ਕਰਵਾ ਦਿੱਤਾ ਗਿਆ ਹੈ।
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਪਿੰਡ-ਜਵਾਹਰਕੇ ਵਿਖੇ 30.97 ਲੱਖ, ਨੰਗਲ ਖੁਰਦ ਵਿਖੇ 42.46 ਲੱਖ, ਦੂਲੋਵਾਲ ਵਿਖੇ 45.96 ਲੱਖ, ਘਰਾਂਗਣਾ ਵਿਖੇ 25.78 ਲੱਖ ਅਤੇ ਰਮਦਿੱਤੇਵਾਲਾ ਵਿਖੇ 46.18 ਲੱਖ ਰੁਪਏ ਦੀ ਲਾਗਤ ਨਾਲ ਖੇਡ ਮੈਦਾਨ ਬਣਾਏ ਜਾਣਗੇ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਹਰ ਉਸਾਰੂ ਮੰਗ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਜੋ ਸਾਡੇ ਨੌਜਵਾਨ ਨਸ਼ਿਆਂ ਦੀ ਅਲਾਮਤ ਤੋਂ ਦੂਰ ਰਹਿ ਕੇ ਆਪਣੇ ਹੁਨਰ ਦਾ ਵਿਕਾਸ ਕਰ ਸਕਣ।