Sunday, December 7Malwa News
Shadow

ਨਗਰ ਨਿਗਮ ਹਾਊਸ ਦੀ ਅਹਿਮ ਮੀਟਿੰਗ ‘ਚ ਲਏ ਗਏ ਮਹੱਤਵਪੂਰਨ ਫੈਸਲੇ

ਹੁਸ਼ਿਆਰਪੁਰ, 27 ਅਕਤੂਬਰ:  ਨਗਰ ਨਿਗਮ ਹੁਸ਼ਿਆਰਪੁਰ ਦੀ ਅੱਜ ਹੋਈ ਅਹਿਮ ਮੀਟਿੰਗ ਵਿਚ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕਈ ਮਹੱਤਵਪੂਰਨ ਫੈਸਲੇ ਗਏ ਗਏ ਅਤੇ ਵੱਖ-ਵੱਖ ਪ੍ਰੋਜੈਕਟਾਂ ਲਈ ਕਰੋੜਾਂ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ। ਜਾਣਕਾਰੀ ਦਿੰਦਿਆਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਅਤੇ ਮੇਅਰ ਸੁਰਿੰਦਰ ਕੁਮਾਰ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ  ਹੁਸ਼ਿਆਰਪੁਰ ਸ਼ਹਿਰ ਵਾਸੀਆਂ ਨੂੰ 100 ਫੀਸਦੀ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਅੱਜ ਹੋਈ ਮੀਟਿੰਗ ਵਿਚ ਇਹ ਗੱਲ ਅਹਿਮ ਰਹੀ ਕਿ ਨਗਰ ਨਿਗਮ ਹੁਸ਼ਿਆਰਪੁਰ ਦੀ ਜੂਡੀਸ਼ੀਅਲ ਕੰਪਲੈਕਸ ਹੁਸ਼ਿਆਰਪੁਰ ਦੇ ਨਾਲ ਲੱਗਦੀ 4 ਏਕੜ ਜ਼ਮੀਨ ਸਰਕਾਰੀ ਸਕੂਲ ਬਣਾਉਣ ਲਈ ਸਬੰਧਤ ਵਿਭਾਗ ਨੂੰ ਟ੍ਰਾਂਸਫਰ ਕਰਨ ਦਾ ਫ਼ੈਸਲਾ  ਕੀਤਾ ਗਿਆ, ਜਿਸ ਨਾਲ ਜਿੱਥੇ ਇਸ ਸਕੂਲ ਵਿੱਚ ਗਰੀਬ ਬੱਚੇ ਪੜ੍ਹ ਸਕਣਗੇ, ਉੱਥੇ ਚੋਅ ਦੇ ਨਾਲ ਲੱਗਦੀ ਇਹ ਬੰਜਰ ਜ਼ਮੀਨ ਆਬਾਦ ਹੋ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ਨੂੰ ਜਗਮਗ ਰੱਖਣ ਲਈ ਲਗਾਤਾਰ ਕੋਸ਼ਿਸ਼ਾਂ ਤਹਿਤ ਨਲੋਈਆਂ ਚੌਕ ਤੋਂ ਬੰਜਰ ਬਾਗ ਚੌਕ ਤੱਕ ਸਟ੍ਰੀਟ ਲਾਈਟਾਂ ਲਗਾਉਣ ਲਈ ਪਹਿਲਾਂ ਪਾਸ ਕੀਤੇ ਗਏ 47 ਲੱਖ 44 ਹਜ਼ਾਰ ਵਿੱਚ 25 ਫੀਸਦੀ ਵਾਧਾ ਕਰਦੇ ਹੋਏ ਕੁੱਲ 57 ਲੱਖ 46 ਹਜ਼ਾਰ 170 ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ, ਤਾਂ ਜੋ ਇਸ ਜਗ੍ਹਾ ਦਾ ਕੋਈ ਵੀ ਹਿੱਸਾ ਸਟ੍ਰੀਟ ਲਾਈਟਾਂ ਤੋਂ ਵਾਂਝਾ ਨਾ ਰਹੇ।

ਇਸ ਤੋਂ ਇਲਾਵਾ ਪੁਲਿਸ ਚੋਕੀ ਪੁਰਹੀਰਾਂ ਤੋਂ ਗੁਰਦੁਆਰਾ ਜਾਹਰਾ ਜਹੂਰ ਤੱਕ ਸਟ੍ਰੀਟ ਲਾਈਟਾਂ ਲਗਾਉਣ ਲਈ ਪਹਿਲਾਂ ਤੋਂ ਪ੍ਰਵਾਨ ਕੀਤੇ ਖਰਚੇ 35 ਲੱਖ 50 ਹਜ਼ਾਰ ਵਿੱਚ 25 ਫੀਸਦੀ ਵਾਧਾ ਕਰਦੇ ਹੋਏ ਹੁਣ 44 ਲੱਖ 37 ਹਜ਼ਾਰ 500 ਰੁਪਏ ਦਾ ਖਰਚਾ ਪ੍ਰਵਾਨ ਕੀਤਾ ਗਿਆ ਹੈ। ਐਮ.ਪੀ ਫੰਡ ਤਹਿਤ ਵੱਖ-ਵੱਖ ਤਰ੍ਹਾਂ ਦੇ ਵਿਕਾਸ ਦੇ 24 ਲੱਖ ਦੇ ਕੰਮ ਕਰਵਾਉਣੇ ਪ੍ਰਵਾਨ ਕੀਤੇ ਗਏ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਦੱਸਿਆ ਕਿ ਰੰਗਲਾ ਪੰਜਾਬ ਸਕੀਮ ਤਹਿਤ ਵੱਖ-ਵੱਖ ਤਰ੍ਹਾਂ ਦੇ ਵਿਕਾਸ ਦੇ ਕੰਮ ਕਰਨ ਲਈ ਕੁੱਲ 62 ਲੱਖ ਰੁਪਏ ਦਾ  ਖਰਚਾ ਪ੍ਰਵਾਨ ਕੀਤਾ ਗਿਆ, ਜਿਸ ਤਹਿਤ ਇਕ ਸ਼ਵ-ਵਾਹਨ ਅਤੇ ਇਕ ਐਂਬੂਲੈਂਸ ਪਹਿਲ ਦੇ ਆਧਾਰ ‘ਤੇ ਖਰੀਦੀ ਜਾ ਰਹੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਵਾਰਡਾਂ ਵਿੱਚ ਕਮਿਉਨਿਟੀ ਸੈਂਟਰ ਬਣਾਏ ਜਾ ਰਹੇ ਹਨ। ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੱਗ ਬੁਝਾਊ ਘਟਨਾਵਾਂ ‘ਤੇ ਤੁਰੰਤ ਕਾਬੂ ਕਰਨ ਅਤੇ ਅੱਗ ਤੋਂ ਹੋਣ ਵਾਲੇ ਜਾਨੀ- ਮਾਲੀ ਨੁਕਸਾਨ ਤੋਂ ਬਚਾਅ ਲਈ ਅੱਗ ਬੁਝਾਊ ਗੱਡੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਤਹਿਤ ਨਗਰ ਨਿਗਮ ਹੁਸ਼ਿਆਰਪੁਰ ਨੂੰ ਹੁਣ 2 ਵੱਡੇ ਫਾਇਰ ਟੈਂਡਰ ਦਿੱਤੇ ਗਏ ਹਨ, ਜਿਨ੍ਹਾਂ ਦੀ ਲਾਗਤ ਲੱਗਭਗ 1 ਕਰੋੜ 50 ਲੱਖ ਹੈ। ਇਹ ਫਾਇਰ ਟੈਂਡਰ ਅੱਜ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਵੱਲੋਂ ਲੋਕਾਂ ਨੂੰ ਸਮਰਪਿਤ ਕੀਤੇ ਗਏ।

            ਇਸ ਮੌਕੇ  ਵਿੱਚ ਕਮਿਸ਼ਨਰ ਨਗਰ ਨਿਗਮ ਜਯੋਤੀ ਬਾਲਾ ਮੱਟੂ, ਸੀਨੀਅਰ ਡਿਪਟੀ ਮੇਅਰ ਪਰਵੀਨ ਲਤਾ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਸਹਾਇਕ ਕਮਿਸ਼ਨਰ ਨਗਰ ਨਿਗਮ ਅਜੇ ਕੁਮਾਰ, ਨਿਗਮ ਇੰਜੀਨੀਅਰ ਕੁਲਦੀਪ ਸਿੰਘ, ਨਿਗਮ ਇੰਜੀਨੀਅਰ ਹਰਪ੍ਰੀਤ ਸਿੰਘ, ਡਿਪਟੀ ਕੰਟਰੋਲਰ ਵਿੱਤ ਅਤੇ ਲੇਖਾ ਪੰਕਜ ਕਪੂਰ ਅਤੇ ਵੱਖ- ਵੱਖ ਕੌਂਸਲਰ ਅਤੇ ਨਗਰ ਨਿਗਮ ਦੇ ਵੱਖ-ਵੱਖ ਅਧਿਕਾਰੀ ਮੌਜੂਦ ਸਨ।