
ਮਾਲੇਰਕੋਟਲਾ, 18 ਅਕਤੂਬਰ :- ਦਿਵਾਲੀ ਅਤੇ ਬੰਦੀ ਛੋੜ ਦਿਵਸ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਮਜ਼ਬੂਤ ਬਣਾਈ ਰੱਖਣ ਲਈ ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਗਗਨ ਅਜੀਤ ਸਿੰਘ ਦੀ ਅਗਵਾਈ ਵਿੱਚ ਵਿਸ਼ਾਲ ਫਲੈਗ ਮਾਰਚ ਕੀਤਾ ਗਿਆ। ਫਲੈਗ ਮਾਰਚ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸਤਪਾਲ ਸਿੰਘ ਉਪ ਕਪਤਾਨ ਪੁਲਿਸ ਸਬ ਡਵੀਜਨ ਮਾਨਵਜੀਤ ਸਿੰਘ, , ਉਪ ਕਪਤਾਨ ਪੁਲਿਸ (ਸਥਾਨਕ) ਆਤਿਸ ਭਾਟੀਆ ਅਤੇ ਉਪ ਕਪਤਾਨ ਪੁਲਿਸ ਸਪੈਸ਼ਲ ਬ੍ਰਾਂਚ ਰਣਜੀਤ ਸਿੰਘ ਸਮੇਤ ਸਬ ਡਵੀਜਨ ਮਾਲੇਰਕੋਟਲਾ ਦੇ ਮੁੱਖ ਅਫਸਰਾਨ ਅਤੇ ਭਾਰੀ ਪੁਲਿਸ ਫੋਰਸ ਨੇ ਹਿੱਸਾ ਲਿਆ।
ਇਹ ਫਲੈਗ ਮਾਰਚ ਡਾ. ਜਾਕਿਰ ਹੁਸੈਨ ਸਟੇਡੀਅਮ ਤੋਂ ਸ਼ੁਰੂ ਹੋ ਕੇ ਦਿੱਲੀ ਗੇਟ, ਸਰਕਾਰੀ ਇਮਾਮਵਾੜਾ, ਛੋਟਾ ਚੌਂਕ, ਸੁਨਿਆਰਾ ਚੌਂਕ, ਸਦਰ ਬਜ਼ਾਰ, ਜੈਨ ਸਥਾਪਕ ਤੱਕ ਪੈਦਲ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਜਥਾ ਕੂਲਰ ਚੌਂਕ, ਹਨੂਮਾਨ ਮੰਦਰ, ਸਰਹੰਦੀ ਗੇਟ, ਜਰਗ ਚੌਂਕ, ਗਰੇਵਾਲ ਚੌਂਕ, ਕਿਲਾ ਰਹਿਮਤਗੜ੍ਹ ਅਤੇ ਨਵੀਂ ਕਚਹਿਰੀ ਰਾਹੀਂ ਗੱਡੀਆਂ ਵਿੱਚ ਸਵਾਰ ਹੋ ਕੇ ਵਾਪਸ ਡਾ. ਜਾਕਿਰ ਹੁਸੈਨ ਸਟੇਡੀਅਮ ‘ਤੇ ਪਹੁੰਚ ਕੇ ਸਮਾਪਤ ਹੋਇਆ।
ਇਸੇ ਤਰ੍ਹਾਂ ਸਬ ਡਵੀਜਨ ਅਹਿਮਦਗੜ੍ਹ ਉਪ ਕਪਤਾਨ ਪੁਲਿਸ ਸਬ ਡਵੀਜਨ ਅਹਿਮਦਗੜ੍ਹ ਸੁਖਦੇਵ ਸਿੰਘ, ਸਬ ਡਵੀਜਨ ਅਮਰਗੜ੍ਹ ਵਿਖੇ ਉਪ ਕਪਤਾਨ ਪੁਲਿਸ ਐਨ.ਡੀ.ਪੀ.ਐਸ. ਐਕਟ ਮਾਲੇਰਕੋਟਲਾ (ਵਾਧੂ ਚਾਰਜ ਉਪ ਕਪਤਾਨ ਪੁਲਿਸ ਅਮਰਗੜ੍ਹ) ਯਾਦਵਿੰਦਰ ਸਿੰਘ ਵੱਲੋਂ ਆਪਣੇ ਅਧੀਨ ਅਫਸਰਾਂ ਸਮੇਤ ਫਲੈਗ ਮਾਰਚ ਕੀਤਾ ਗਿਆ।
ਕਪਤਾਨ ਪੁਲਿਸ, ਮਾਲੇਰਕੋਟਲਾ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਮਾਲੇਰਕੋਟਲਾ ਪੁਲਿਸ ਵੱਲੋਂ ਆਮ ਜਨਤਾ ਦੀ ਸੁਰੱਖਿਆ, ਸ਼ਾਂਤੀ ਤੇ ਭਾਈਚਾਰੇ ਦੀ ਹਿਫ਼ਾਜ਼ਤ ਨੂੰ ਯਕੀਨੀ ਬਣਾਉਣ ਲਈ ਪੂਰੀ ਚੌਕਸੀ ਰੱਖੀ ਜਾ ਰਹੀ ਹੈ, ਤਾਂ ਜੋ ਨਿਵਾਸੀ ਸੁਰੱਖਿਅਤ ਅਤੇ ਸ਼ਾਂਤੀਪੂਰਨ ਢੰਗ ਨਾਲ ਦਿਵਾਲੀ ਮਨਾਉਣ। ਇਸ ਮੌਕੇ ਉਨ੍ਹਾਂ ਤਿਉਹਾਰਾਂ ਦੀ ਮੁਬਰਕਬਾਦ ਦਿੰਦਿਆ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਸੱਕੀ ਗਤੀਵਿਧੀ ਦੀ ਜਾਣਕਾਰੀ ਮਿਲੇ, ਤਾਂ ਤੁਰੰਤ ਹੈਲਪਲਾਈਨ 112 ਜਾਂ ਕੰਟਰੋਲ ਰੂਮ ਮਾਲੇਰਕੋਟਲਾ (91155-87100) ‘ਤੇ ਸੂਚਨਾ ਦੇਣ।