Sunday, December 7Malwa News
Shadow

ਵਿਧਾਇਕ ਜਿੰਪਾ ਨੇ ਮੁਹੱਲਾ ਸੁੰਦਰ ਨਗਰ ’ਚ ਆਂਗਨਵਾੜੀ ਸੈਂਟਰ ’ਚ 20 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਹੁਸ਼ਿਆਰਪੁਰ, 10 ਅਕਤੂਬਰ :- ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਵਾਰਡ ਨੰਬਰ 13 ਦੇ ਮੁਹੱਲਾ ਸੁੰਦਰ ਨਗਰ ਵਿਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਆਂਗਨਵਾੜੀ ਕੇਂਦਰ ਵਿੱਚ ਵਰਧਮਾਨ ਯਾਰਨਜ਼ ਐਂਡ ਥ੍ਰੈੱਡਸ ਲਿਮਟਿਡ ਵੱਲੋਂ 20 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਉਦਯੋਗ ਜਗਤ ਵਲੋਂ ਸਮਾਜਿਕ ਕੰਮਾਂ ਪ੍ਰਤੀ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ। ਵਰਧਮਾਨ ਗਰੁੱਪ ਨੇ ਸਥਾਨਕ ਪੱਧਰ ‘ਤੇ ਸਿੱਖਿਆ ਅਤੇ ਬਾਲ ਵਿਕਾਸ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਜਿੰਪਾ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੀ ਹਿੱਸੇਦਾਰੀਆਂ ਸਮਾਜ ਵਿਚ ਸਕਾਰਾਤਮਕ ਤਬਦੀਲੀ ਲਈ ਨਵੀਂ ਪ੍ਰੇਰਨਾ ਪ੍ਰਦਾਨ ਕਰਦੀਆਂ ਹਨ।
ਵਿਧਾਇਕ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਵਰਧਮਾਨ ਪ੍ਰਬੰਧਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਹਿਯੋਗ ਨਾਲ ਲੋਕ ਭਲਾਈ ਸਕੀਮਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੇ ਸਰਵਪੱਖੀ ਵਿਕਾਸ ਵਿਚ ਆਂਗਨਵਾੜੀ ਕੇਂਦਰਾਂ ਦੀ ਭੂਮਿਕਾ ਨੂੰ ਸਮਝਣ ਅਤੇ ਉਨ੍ਹਾਂ ਦੀ ਦੇਖਭਾਲ ਵਿਚ ਅਹਿਮ ਯੋਗਦਾਨ ਦੇਣ।
ਸਮਾਗਮ ਵਿਚ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਵਰਧਮਾਨ ਯਾਰਨਜ਼ ਐਂਡ ਥ੍ਰੈਡਸ ਲਿਮਟਿਡ ਦੇ ਡਾਇਰੈਕਟਰ ਤਰੁਣ ਚਾਵਲਾ, ਸ੍ਰੀ ਡਡਵਾਲ, ਕੌਂਸਲਰ ਚੰਦਰਾਵਤੀ ਅਤੇ ਕਾਮਰੇਡ ਗੰਗਾ ਪ੍ਰਸਾਦ ਸਮੇਤ ਕਈ ਪਤਵੰਤੇ ਸ਼ਾਮਿਲ ਹੋਏ।