
ਹੁਸ਼ਿਆਰਪੁਰ, 9 ਅਕਤੂਬਰ:- ਵਾਤਾਵਰਨ ਸਿੱਖਿਆ ਪ੍ਰੋਗਰਾਮ ਦੇ ਤਹਿਤ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਹੁਸ਼ਿਆਰਪੁਰ ਦੇ ਆਦੇਸ਼ਾਂ ਅਨੁਸਾਰ ਗ੍ਰੀਨ ਸਕੂਲ ਪ੍ਰੋਗਰਾਮ ਬਾਰੇ ਇਕ ਜਿਲ੍ਹਾ ਪੱਧਰੀ ਓਰੀਐਂਟੇਸ਼ਨ ਵਰਕਸ਼ਾਪ ਦਾ ਆਯੋਜਨ ਕੈਂਬਰਿਜ ਇੰਟਰਨੈਸ਼ਨਲ ਸਕੂਲ, ਆਦਮਵਾਲ ਵਿਖੇ ਕੀਤਾ ਗਿਆ।
ਇਸ ਦੋ ਦਿਨਾ ਵਰਕਸ਼ਾਪ ਵਿਚ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਈਕੋ ਕਲੱਬ ਇੰਚਾਰਜਾਂ ਅਤੇ ਪ੍ਰਾਇਮਰੀ ਸਕੂਲਾਂ ਦੇ ਸੀ. ਐੱਚ. ਟੀ ਨੇ ਹਿੱਸਾ ਲਿਆ। ਵਰਕਸ਼ਾਪ ਦਾ ਮਕਸਦ ਸਕੂਲ ਪੱਧਰ ‘ਤੇ ਵਾਤਾਵਰਨ ਸੁਰੱਖਿਆ, ਸਥਾਈ ਵਿਕਾਸ ਅਤੇ ਸਾਫ-ਸੁਥਰੇ ਜੀਵਨ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।
ਇਹ ਵਰਕਸ਼ਾਪ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਸ਼ੋਕ ਕਾਲੀਆ, ਜਗਜੀਤ ਸਿੰਘ, ਰਮਨਦੀਪ ਸਿੰਘ, ਹਰਦੀਪ ਕੁਮਾਰ, ਅਨੁਜ ਵਸੁਦੇਵਾ ਅਤੇ ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਉਨ੍ਹਾਂ ਨੇ ਹਾਜ਼ਰ ਭਾਗੀਦਾਰਾਂ ਨੂੰ ਵਾਤਾਵਰਨ ਸਿੱਖਿਆ ਦੇ ਵੱਖ-ਵੱਖ ਪੱਖਾਂ, ਗ੍ਰੀਨ ਸਕੂਲ ਆਡਿਟ, ਊਰਜਾ ਤੇ ਜਲ ਸੰਭਾਲ, ਕੂੜਾ ਪ੍ਰਬੰਧਨ ਅਤੇ ਜੈਵਿਕ ਵਿਭਿੰਨਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਵਰਕਸ਼ਾਪ ਦੌਰਾਨ ਅਧਿਕਾਰੀਆਂ ਨੇ ਭਾਗੀਦਾਰਾਂ ਨੂੰ ਆਪਣੇ ਸਕੂਲਾਂ ਵਿਚ ਈਕੋ ਕਲੱਬ ਬਣਾਉਣ, ਪਾਣੀ ਬਚਾਓ ਮੁਹਿੰਮ ਚਲਾਉਣ, ਵਰਖਾ ਜਲ ਸੰਭਾਲ ਪ੍ਰਣਾਲੀ ਅਤੇ ਕੂੜੇ ਦੀ ਛਾਂਟ ਵਰਗੀਆਂ ਗਤੀਵਿਧੀਆਂ ਸੰਬੰਧੀ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸਕੂਲ ਨੌਜਵਾਨ ਪੀੜ੍ਹੀ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਤੇ ਜਾਗਰੂਕਤਾ ਪੈਦਾ ਕਰਨ ਦਾ ਸਭ ਤੋਂ ਵੱਡਾ ਸਾਧਨ ਹਨ।