Friday, November 7Malwa News
Shadow

ਵਧੀਕ ਡਿਪਟੀ ਕਮਿਸ਼ਨਰ ਨੇ ਪਰਾਲੀ ਨਾ ਸਾੜੋ, ਵਾਤਾਵਰਣ ਬਚਾਓ, ਭਵਿੱਖ ਸੰਭਾਲੋ! ਦਾ ਦਿੱਤਾ ਸੱਦਾ

ਅਹਿਮਦਗੜ੍ਹ/ਮਾਲੇਰਕੋਟਲਾ, 9 ਅਕਤੂਬਰ-               ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਅਧੀਨ, ਝੋਨੇ ਦੀ ਕਟਾਈ ਦੇ ਮੌਸਮ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ਾਲ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਹੈ। ਇਸ ਸੰਦਰਭ ਵਿੱਚ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਟੀਮ ਨੇ ਪਿੰਡ ਕੁਠਾਲਾ ਅਤੇ ਭੂਦਨ ਵਿਖੇ ਕਿਸਾਨਾਂ ਨਾਲ ਰੂਬਰੂ ਹੋ ਕੇ ਉਨ੍ਹਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੇ ਨੁਕਸਾਨਾਂ ਅਤੇ ਵਿਕਲਪਾਂ ਬਾਰੇ ਵਿਸਤਾਰ ਨਾਲ ਜਾਣੂ ਕਰਵਾਇਆ।

             ਵਧੀਕ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਰਾਲੀ ਸਾੜਨ ਨਾਲ ਨਾ ਸਿਰਫ਼ ਵਾਤਾਵਰਣ ਜ਼ਹਿਰੀਲਾ ਹੁੰਦਾ ਹੈ, ਬਲਕਿ ਮਿੱਟੀ ਦੇ ਉਪਜਾਊ ਤੱਤ ਵੀ ਸੜ ਕੇ ਨਸ਼ਟ ਹੋ ਜਾਂਦੇ ਹਨ, ਜਿਸ ਨਾਲ ਫਸਲਾਂ ਦੀ ਪੈਦਾਵਾਰ ਘਟਦੀ ਹੈ। ਉਨ੍ਹਾਂ ਨੇ ਕਿਹਾ ਕਿ ਪਰਾਲੀ ਦੇ ਧੂੰਏ ਨਾਲ ਮਨੁੱਖੀ ਸਿਹਤ ‘ਤੇ ਵੀ ਮਾਰੂ ਅਸਰ ਪੈਂਦਾ ਹੈ ਅਤੇ ਖਾਸਕਰ ਬਜ਼ੁਰਗਾਂ, ਬੱਚਿਆਂ ਤੇ ਦਮ ਦੇ ਮਰੀਜ਼ਾਂ ਲਈ ਇਹ ਗੰਭੀਰ ਖਤਰਾ ਬਣ ਜਾਂਦਾ ਹੈ।

           ਉਨ੍ਹਾਂ ਨੇ ਕਿਹਾ ਕਿ ਕਿਸਾਨ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਪਰਾਲੀ ਨੂੰ ਜ਼ਮੀਨ ਵਿੱਚ ਮਿਲਾ ਸਕਦੇ ਹਨ ਜਾਂ ਬਾਇਓ-ਡੀਕੰਪੋਜ਼ਰ ਨਾਲ ਖੇਤਾਂ ਵਿੱਚ ਖਾਦ ਵਜੋਂ ਵਰਤ ਸਕਦੇ ਹਨ, ਜੋ ਮਿੱਟੀ ਲਈ ਲਾਭਕਾਰੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਕੇ ਸੀ.ਆਰ.ਐਮ. ਮਸ਼ੀਨਰੀ ਦੀ ਵਰਤੋਂ ਪਰਾਲੀ ਦੀ ਯੋਗ ਸੰਭਾਲ ਕਰਨ ਲਈ ਯਕੀਨੀ ਬਣਾਉਣ । ਕਿਸਾਨਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ “ਆਉਂਦੀਆਂ ਪੀੜ੍ਹੀਆਂ ਲਈ ਹਵਾ ਤੇ ਮਿੱਟੀ ਬਚਾਈਏ, ਪਰਾਲੀ ਨਾ ਸਾੜੀਏ”

           ਸਿੱਧੂ ਨੇ ਕਿਹਾ ਕਿ ਪਰਾਲੀ ਨਾ ਸਾੜਨ ਦੀ ਇਹ ਮੁਹਿੰਮ ਸਾਡੇ ਵਾਤਾਵਰਣ, ਮਿੱਟੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਰੱਖਿਆ ਲਈ ਹੈ, ਇਸ ਲਈ ਹਰ ਕਿਸਾਨ ਨੂੰ ਇਸ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ “ਪਰਾਲੀ ਨਾ ਸਾੜੋ, ਜੀਵਨ ਸਵਾਰੋ -ਹਰ ਕਿਸਾਨ ਦਾ ਇਹ ਫਰਜ਼ ਹੈ ਕਿ ਉਹ ਵਾਤਾਵਰਣ ਸੁਰੱਖਿਆ ਦਾ ਸਿਪਾਹੀ ਬਣੇ।”

            ਇਸ ਮੌਕੇ ਐਸ.ਡੀ.ਐਮ. ਮਾਲੇਰਕੋਟਲਾ/ਅਹਿਮਦਗੜ੍ਹ ਗੁਰਮੀਤ ਕੁਮਾਰ ਬਾਂਸਲ, ਚੇਅਰਮੈਨ ਮਾਰਕੀਟ ਕਮੇਟੀ ਸੰਦੌੜ ਕਰਮਜੀਤ ਸਿੰਘ ਕੁਠਾਲਾ,ਖੇਤੀਬਾੜੀ ਵਿਕਾਸ ਅਫਸਰ ਸੰਦੀਪ ਸਿੰਘ, ਮਨਿੰਦਰ ਦੀਪ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ। ਵੱਡੀ ਗਿਣਤੀ ਵਿੱਚ ਹਾਜ਼ਰ ਕਿਸਾਨਾਂ ਨੇ ਪ੍ਰਸ਼ਾਸਨ ਦੀ ਇਸ ਮੁਹਿੰਮ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।