Thursday, November 6Malwa News
Shadow

ਸੁਤੰਤਰਤਾ ਸੰਗਰਾਮੀਆਂ  ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਸਾਡਾ ਫਰਜ਼,ਪਰਿਵਾਰਾਂ ਦੀਆਂ ਸਮੱਸਿਆਵਾਂ ਦਾ ਹੋਵੇਗਾ ਤੁਰੰਤ ਹੱਲ- ਡਿਪਟੀ ਕਮਿਸ਼ਨਰ

ਮਾਲੇਰਕੋਟਲਾ, 30 ਸਤੰਬਰ :


              ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਦੀ ਅਗਵਾਈ ਹੇਠ ਅੱਜ ਜ਼ਿਲ੍ਹੇ ਦੇ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਚੇਤੰਨ ਸਿੰਘ, ਪ੍ਰਧਾਨ ਪਰਮਜੀਤ ਸਿੰਘ, ਜ਼ਿਲਾ ਸਕੱਤਰ ਜਗਮੇਲ ਸਿੰਘ, ਪ੍ਰੈਸ ਸਕੱਤਰ ਮੁਹੰਮਦ ਅਸਲਮ, ਖਜਾਨਚੀ ਪ੍ਰਗਟ ਸਿੰਘ, ਮੈਂਬਰ ਮਲਕੀਤ ਸਿੰਘ, ਲਖਵੀਰ ਸਿੰਘ ਸਮੇਤ ਹੋਰ ਅਹੁਦੇਦਾਰ ਅਤੇ ਸੰਗਰਾਮੀਆਂ ਦੇ ਪਰਿਵਾਰ ਹਾਜ਼ਰ ਸਨ।

              ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੁਤੰਤਰਤਾ ਸੈਨਾਨੀਆਂ ਦੀਆਂ ਕੁਰਬਾਨੀਆਂ ਹੀ ਸਾਡੀ ਆਜ਼ਾਦੀ ਦੀ ਬੁਨਿਆਦ ਹਨ ਉਹਨਾਂ ਨੇ ਆਪਣਾ ਵਰਤਮਾਨ ਕੁਰਬਾਨ ਕਰਕੇ ਸਾਨੂੰ ਸੁਨਿਹਰਾ ਭਵਿੱਖ ਦਿੱਤਾ ਇਸ ਲਈ ਪ੍ਰਸ਼ਾਸਨ ਉਨ੍ਹਾਂ ਦੇ ਸਨਮਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਲਈ ਹਮੇਸ਼ਾ ਵਚਨਬੱਧ ਹੈ

          ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਜੇਕਰ ਕੋਈ ਵੀ ਸੁਤੰਤਰਤਾ ਸੰਗਰਾਮੀ ਜਾਂ ਉਸ ਦਾ ਪਰਿਵਾਰਿਕ ਮੈਂਬਰ ਕਿਸੇ ਸਰਕਾਰੀ ਦਫ਼ਤਰ ਵਿੱਚ ਆਪਣੇ ਕੰਮ ਲਈ ਆਵੇ, ਤਾਂ ਉਸ ਦਾ ਕੰਮ ਕਾਨੂੰਨੀ ਤੌਰ ’ਤੇ ਪਹਿਲ ਦੇ ਆਧਾਰ ’ਤੇ ਨਿਪਟਾਇਆ ਜਾਵੇ।

         ਮੀਟਿੰਗ ਦੌਰਾਨ ਸੰਗਰਾਮੀਆਂ ਦੇ ਪਰਿਵਾਰਾਂ ਵੱਲੋਂ ਆਪਣੀਆਂ ਕਈ ਸਮੱਸਿਆਵਾਂ ਡਿਪਟੀ ਕਮਿਸ਼ਨਰ ਸਾਹਮਣੇ ਰੱਖੀਆਂ ਗਈਆਂ। ਉਨ੍ਹਾਂ ਮੰਗ ਕੀਤੀ ਕਿ ਸੁਤੰਤਰਤਾ ਸੈਨਾਨੀਆਂ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਦਾ ਨਾਮ ਸੁਤੰਤਰਤਾ ਸੈਨਾਨੀਆਂ ਦੇ ਨਾਮ ’ਤੇ ਰੱਖਿਆ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਨ੍ਹਾਂ ਬਹਾਦਰਾਂ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਮਿਲੇ ਅਤੇ ਉਹ ਪ੍ਰੇਰਿਤ ਹੋਣ।

          ਉਨ੍ਹਾਂ ਕਿਹਾ ਕਿ ਇਹ ਸਾਡੀ ਨੈਤਿਕ ਜਿੰਮੇਵਾਰੀ ਹੈ ਕਿ ਅਸੀਂ ਆਪਣੇ ਬਹਾਦਰਾਂ ਨੂੰ ਯਾਦ ਰੱਖੀਏ ਇਸ ਸਬੰਧੀ ਆਰੰਭੀਆਂ ਉਪਚਾਰੀਕਤਾਵਾਂ ਮੁਕੰਮਲ ਹੋਣ ਉਪੰਰਤ ਸਬੰਧਤ ਸੁਤੰਤਰਤਾ ਸੈਲਾਨੀ ਦੇ ਨਾਮ ਤੇ ਸਕੂਲਾਂ ਦੇ ਨਾਮ ਰੱਖ ਦਿੱਤੇ ਜਾਣਗੇ ।

           ਉਨ੍ਹਾਂ ਅੰਤ ਵਿੱਚ ਕਿਹਾ ਕਿ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਗਾ ਕਿ ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਨੂੰ ਸਨਮਾਨ, ਸਹੂਲਤਾਂ ਅਤੇ  ਸਮਾਜਿਕ ਸੁਰੱਖਿਆ ਦੀ ਘਾਟ ਮਹਿਸੂਸ ਨਾ ਹੋਵੇ।