Friday, September 19Malwa News
Shadow

ਖੇਤੀਬਾੜੀ ਵਿਭਾਗ ਨੇ ਪਰਾਲੀ ਪ੍ਰਬੰਧਨ ਵਿਸ਼ੇ ‘ਤੇ ਆਸ਼ਾ ਵਰਕਰਾਂ ਨੂੰ ਕੀਤਾ ਜਾਗਰੂਕ

ਹੁਸ਼ਿਆਰਪੁਰ, 13 ਸਤੰਬਰ :-        ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ਵਿਚ ਛੱਡੀ ਗਈ ਪਰਾਲੀ ਦਾ ਸਹੀ ਢੰਗ ਨਾਲ ਪ੍ਰਬੰਧਨ ਨਾ ਹੋਣ ਕਾਰਨ ਇਹ ਇਕ ਗੰਭੀਰ ਵਾਤਾਵਰਨ ਚਿੰਤਾ ਬਣ ਗਈ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਸਮੇਂ-ਸਮੇਂ ‘ਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾਂਦੇ ਹਨ।
    ਇਸੇ ਲੜੀ ਵਿਚ ਬਲਾਕ ਹੁਸ਼ਿਆਰਪੁਰ-2 ਵਿਚ ਪਰਾਲੀ ਪ੍ਰਬੰਧਨ ਮੁਹਿੰਮ ਦੀ ਸ਼ੁਰੂਆਤ ਮੁੱਖ ਖੇਤੀਬਾੜੀ ਅਫ਼ਸਰ ਦਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ। ਸੀ.ਆਰ.ਐਮ ਸਕੀਮ 2025-26 ਤਹਿਤ ਬਲਾਕ ਖੇਤੀਬਾੜੀ ਅਫ਼ਸਰ ਦੀਪਕ ਪੁਰੀ ਦੀ ਅਗਵਾਈ ਵਿਚ ਸਰਕਾਰੀ ਹਸਪਤਾਲ ਬਡਲਾ ਵਿਖੇ ਆਸ਼ਾ ਵਰਕਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਧਰਮਵੀਰ ਸ਼ਰਦ ਖੇਤੀਬਾੜੀ ਵਿਕਾਸ ਅਫ਼ਸਰ, ਹੁਸ਼ਿਆਰਪੁਰ-2 ਨੇ ਪਰਾਲੀ ਸਾੜਨ ਨਾਲ ਹੋਣ ਵਾਲੇ ਹਵਾ ਪ੍ਰਦੂਸ਼ਣ, ਮਿੱਟੀ ਦੀ ਉਪਜਾਊ ਸ਼ਕਤੀ ਵਿਚ ਕਮੀ ਅਤੇ ਵਾਤਾਵਰਨ ‘ਤੇ ਇਸ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਗੱਲ ਕੀਤੀ। ਉਨ੍ਹਾਂ ਆਸ਼ਾ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਖੇਤਰਾਂ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਅਤੇ ਇਸ ਨੂੰ ਖੇਤਾਂ ਵਿਚ ਮਿਲਾਉਣ ਅਤੇ ਅਗਲੀਆਂ ਫ਼ਸਲਾਂ ਦੀ ਬਿਜਾਈ ਲਈ ਵਰਤਣ ਲਈ ਪ੍ਰੇਰਿਤ ਕਰਨ। ਇਸ ਨਾਲ ਮਿੱਟੀ ਵਿਚ ਜੈਵਿਕ ਪਦਾਰਥ ਵਧਣਗੇ ਅਤੇ ਉਤਪਾਦਨ ਸਮਰੱਥਾ ਵਿਚ ਸੁਧਾਰ ਹੋਵੇਗਾ।
ਇਸ ਮੌਕੇ ਪਰਮਿੰਦਰ ਸਿੰਘ, ਖੇਤੀਬਾੜੀ ਵਿਸਥਾਰ ਅਫ਼ਸਰ ਮਹਿਲਾਂਵਾਲੀ ਨੇ ਮਿੱਟੀ ਵਿਚ ਪੌਸ਼ਟਿਕ ਤੱਤਾਂ ਦੀ ਘਾਟ ਅਤੇ ਦੋਸਤਾਨਾ ਕੀੜਿਆਂ ਦੀ ਘੱਟ ਰਹੀ ਗਿਣਤੀ ‘ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਨੇ ਪਰਾਲੀ ਪ੍ਰਬੰਧਨ ਦੇ ਵਿਕਲਪਾਂ ਅਤੇ ਵਿਭਾਗ ਵੱਲੋਂ ਕਿਸਾਨਾਂ ਅਤੇ ਸਹਿਕਾਰੀ ਸਭਾਵਾਂ ਨੂੰ ਸਬਸਿਡੀ ‘ਤੇ ਉਪਲਬੱਧ ਕਰਵਾਈਆਂ ਜਾ ਰਹੀਆਂ ਸੁਪਰ ਸੀਡਰ, ਹੈਪੀ ਸੀਡਰ, ਉਲਟਾਵਨ ਹਲ, ਰੋਟਰੀ ਸਲੈਸ਼ਰ, ਬੇਲਰ ਅਤੇ ਰੇਕ ਵਰਗੀ ਮਸ਼ੀਨਰੀ ਦੀ ਉਪਯੋਗਤਾ ਬਾਰੇ ਵਿਸਥਾਰ ਨਾਲ ਦੱਸਿਆ।
ਇਸ ਪ੍ਰੋਗਰਾਮ ਵਿਚ ਸਰਕਾਰੀ ਹਸਪਤਾਲ ਬਡਲਾ ਦੇ ਐਸ.ਐਮ.ਓ ਡਾ. ਮਨਪ੍ਰੀਤ ਸਿੰਘ ਬੈਂਸ, ਸਟਾਫ ਮੈਂਬਰ ਗੁਰਮੇਲ ਸਿੰਘ ਅਤੇ ਖੇਤੀਬਾੜੀ ਵਿਭਾਗ ਤੋਂ ਅਮਰਦੀਪ ਪਾਲ ਅਤੇ ਜਸਪ੍ਰੀਤ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।