Tuesday, September 23Malwa News
Shadow

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਚੋਣ ਸਵੀਪ ਟੀਮਾਂ ਦਾ ਵਿਸ਼ੇਸ਼ ਸਨਮਾਨ

ਲੁਧਿਆਣਾ, 8 ਜੁਲਾਈ (000) – ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਵੱਲੋਂ ਸਵੀਪ ਟੀਮਾਂ ਦੇ ਮੈਂਬਰਾਂ ਨੂੰ ਲੋਕ ਸਭਾ ਚੋਣਾਂ 2024 ਦੌਰਾਨ ਉਨ੍ਹਾਂ ਦੀ ਸ਼ਾਨਦਾਰ ਭੂਮਿਕਾ ਲਈ ਸਨਮਾਨਿਤ ਕੀਤਾ। ਜ਼ਿਲ੍ਹੇ ਵਿੱਚ ਸੁਚਾਰੂ, ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਦੇ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਵੱਡਮੁੱਲਾ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਿਤ ਕਰਨ ਲਈ ਸਥਾਨਕ ਸਰਕਾਰੀ ਕਾਲਜ (ਲੜਕੀਆਂ), ਭਾਰਤ ਨਗਰ ਚੌਕ ਵਿਖੇ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ।

ਵਧੀਕ ਡਿਪਟੀ ਕਮਿਸ਼ਨਰ ਜੋਕਿ ਸਵੀਪ ਗਤੀਵਿਧੀਆਂ ਦੇ ਨੋਡਲ ਅਫ਼ਸਰ ਵੀ ਹਨ, ਨੇ ਦੱਸਿਆ ਕਿ ਅਧਿਕਾਰੀਆਂ ਅਤੇ ਸਟਾਫ਼ ਮੈਂਬਰਾਂ ਦੀ ਜ਼ਿੰਮੇਵਾਰੀ, ਤਨਦੇਹੀ ਅਤੇ ਲਗਨ ਸਦਕਾ ਜ਼ਿਲ੍ਹੇ ਵਿੱਚ ਸਮੁੱਚੀ ਚੋਣ ਪ੍ਰਕਿਰਿਆ ਨੂੰ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਲੋਕ ਸਭਾ ਚੋਣਾਂ ਕਰਵਾਉਣਾ ਆਪਣੇ ਆਪ ਵਿੱਚ ਇੱਕ ਚੁਣੌਤੀ ਹੈ ਅਤੇ ਇਹ ਸਟਾਫ਼ ਦੀ ਲਗਨ ਅਤੇ ਮਿਹਨਤ ਤੋਂ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਸਮੂਹ ਚੋਣ ਅਮਲੇ ਨੂੰ ਆਪਣੀ ਪੂਰੀ ਡਿਊਟੀ ਬਿਨ੍ਹਾਂ ਅੱਕੇ-ਥੱਕੇ ਤਨਦੇਹੀ ਨਾਲ ਨਿਭਾਉਣ ਲਈ ਵਧਾਈ ਦਿੱਤੀ।