
ਭਵਾਨੀਗੜ੍ਹ/ਸੰਗਰੂਰ, 28 ਅਗਸਤ (000) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਫੂਡ ਐਂਡ ਐਗਰੀਕਲਚਰ ਐਸੋਸੀਏਸ਼ਨ (ਐਫ ਏ ਓ) ਨਾਲ ਮਿਲ ਕੇ ਜੀਈਐਫ 7 ਪ੍ਰੋਜੈਕਟ ਅਧੀਨ ਚੁਣੇ ਹੋਏ ਬਲਾਕ ਭਵਾਨੀਗੜ੍ਹ ਦੇ ਪਿੰਡ ਕਾਕੜਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਵਿਚਾਰ- ਗੋਸ਼ਟੀ ਦਾ ਆਯੋਜਨ ਕੀਤਾ ਗਿਆ| ਜਿਸ ਵਿੱਚ 30 ਕਿਸਾਨਾਂ ਨੇ ਭਾਗ ਲਿਆ।
ਇਸ ਮੌਕੇ ਡਾ. ਰਣਵੀਰ ਸਿੰਘ ਗਿੱਲ, ਸੀਨੀਅਰ ਰਾਈਸ ਬ੍ਰੀਡਰ ਅਤੇ ਇੰਨਚਾਰਜ ਰਾਈਸ ਸੈਕਸ਼ਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਢੁੱਕਵੀਂਆਂ ਕਿਸਮਾਂ ਦੀ ਚੌਣ ਦੀਆਂ ਬਾਰੀਕੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ. ਬੂਟਾ ਸਿੰਘ ਢਿੱਲੋਂ, ਸੀਨੀਅਰ ਫ਼ਸਲ ਵਿਗਿਆਨੀ, ਪੀਏਯੂ, ਲੁਧਿਆਣਾ ਨੇ ਝੋਨੇ ਵਿੱਚ ਆਉਣ ਵਾਲੀਆਂ ਲਘੂ- ਤੱਤਾਂ ਦੀਆਂ ਕਮੀਆਂ ਦੀਆਂ ਨਿਸ਼ਾਨੀਆਂ, ਝੋਨੇ ਦੇ ਖੇਤਾਂ ਨੂੰ ਸੁਕਾ-ਸੁਕਾ ਕੇ ਪਾਣੀ ਲਗਾਉਣ ਦੀ ਤਕਨੀਕ ਅਤੇ ਝੋਨੇ ਵਿੱਚ ਥੋਥ ਨੂੰ ਘਟਾਉਣ ਲਈ ਪੋਟਾਸ਼ੀਅਮ ਨਾਈਟ੍ਰੇਟ (13:0:46) ਦੇ ਸਪਰੇਅ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ।
ਡਾ. ਹਰਪ੍ਰੀਤ ਸਿੰਘ, ਪੌਦਾ ਰੋਗ ਮਾਹਿਰ, ਪੀਏਯੂ, ਲੁਧਿਆਣਾ ਨੇ ਝੋਨੇ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਸੁਚੱਜੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਉਨਾਂ ਨੇ ਕਿਸਾਨਾਂ ਨੂੰ ਕੀੜੇਮਾਰ ਅਤੇ ਉੱਲੀਨਾਸ਼ਕ ਦਵਾਈਆਂ ਦੀ ਲੋੜ ਅਨੁਸਾਰ ਅਤੇ ਸਾਵਧਾਨੀ ਨਾਲ ਵਰਤੋਂ ਕਰਨ ਬਾਰੇ ਵੀ ਜਾਗਰੂਕ ਕੀਤਾ ਅਤੇ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਵੱਧ ਤੋਂ ਵੱਧ ਜੁੜਨ ਲਈ ਪ੍ਰੇਰਿਤ ਕੀਤਾ। ਡਾ. ਰੁਕਿੰਦਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਝੋਨੇ ਵਿੱਚ ਨਦੀਨ ਪ੍ਰਬੰਧਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਖੇਤੀ ਸਾਹਿਤ ਬਾਰੇ ਜਾਣਕਾਰੀ ਦਿੱਤੀ। ਅਖੀਰ ਵਿੱਚ ਮਾਹਿਰਾਂ ਵੱਲੋਂ ਕਿਸਾਨਾਂ ਦੁਆਰਾ ਪੁੱਛੇ ਸਵਾਲਾਂ ਦੇ ਤਸੱਲੀਬਖ਼ਸ਼ ਢੰਗ ਜਵਾਬ ਨਾਲ ਦਿੱਤੇ ਗਏ।