Monday, September 22Malwa News
Shadow

ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਹਰਵੀਨ ਕੌਰ ਨੇ ਵਿਸ਼ਵ ਜੂਨੋਸਿਸ ਦਿਵਸ ਤੇ ਕੀਤੀ ਮਹੱਤਵਪੂਰਣ ਜਾਣਕਾਰੀ ਸਾਂਝੀ

ਮੋਗਾ 5 ਜੁਲਾਈ:
6 ਜੁਲਾਈ ਨੂੰ ਵਿਸ਼ਵ ਜੂਨੋਸਿਸ ਦਿਵਸ ਨਾਲ ਸਬੰਧਤ ਵਿਸ਼ੇਸ਼ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਡਾ. ਹਰਵੀਨ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ  ਜੂਨੋਸਿਸ ਅੱਖਰ ਤੋਂ ਮਤਲਬ ਹੈ ਕਿ ਜਾਨਵਰਾਂ ਤੋਂ ਮਨੁੱਖਾਂ ਨੂੰ ਬਿਮਾਰੀਆਂ ਦਾ ਲੱਗਣਾ ਅਤੇ ਫਿਰ ਮਨੁੱਖਾਂ ਤੋਂ ਮਨੁੱਖਾਂ ਜਾਂ ਜਾਨਵਰਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ।
ਉਨ੍ਹਾਂ ਦੱਸਿਆ ਕਿ ਇਸ ਦਿਨ  ਫਰਾਂਸ ਦੇ ਇਕ ਵਿਗਿਆਨੀ ਵੱਲੋਂ ਹਲਕਾਅ ਦੀ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ ਸੀ। ਪਿਛਲੇ ਦੋ ਤਿੰਨ ਦਹਾਕਿਆਂ ਤੋਂ ਜੂਨੋਸਿਸ ਬਿਮਾਰੀਆਂ ਵਿੱਚ ਕਾਫੀ ਵਾਧਾ ਹੋਇਆ ਹੈ।ਇਸ ਦਾ ਕਾਰਨ ਵਾਤਾਵਰਨ ਵਿੱਚ ਬਦਲਾਓ ਸ਼ਹਿਰੀਕਰਨ ਜਨਸੰਖਿਆ ਦਾ ਵਧਣਾ ਵੀ ਹੋ ਸਕਦਾ ਹੈ। ਜਿਵੇਂ ਸਾਡੇ ਆਲੇ-ਦੁਆਲੇ ਵੀ ਪਾਲਤੂ , ਜੰਗਲੀ ਅਤੇ ਅਵਾਰਾ ਘੁੰਮਣ ਵਾਲੇ ਜਾਨਵਰ ਅਤੇ ਪੰਛੀ ਹੁੰਦੇ ਹਨ, ਪਰ ਸਾਨੂੰ ਅੱਜ ਦੇ ਸਮੇਂ ਵਿੱਚ ਇਹਨਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਪਤਾ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਬੈਕਟੀਰੀਅਲ ਬਿਮਾਰੀਆਂ ਜਿਵੇਂ ਕਿ ਲੈਪਟੋਸਪਾਈਰੋਸਿਸ, ਸਲਮੋਨੇਲਾ (ਟਾਈਫਾਈ), ਬਰੂਸੈਲਾ, ਪਲੇਗ, ਅੰਥਰੈਕਸ, ਈਕੌਲੀ, ਟੈਟਨਸ ਆਦਿ ਹਨ।
ਡਾ. ਹਰਵੀਨ ਕੌਰ ਨੇ ਦੱਸਿਆ ਕਿ ਵਿਸ਼ਾਣੂਆਂ ਤੋਂ ਰੇਬੀਜ਼, ਯੇਲੋ ਫੀਵਰ, ਬਰਡ ਫਲੂ, ਸਵਾਈਨ ਫਲੂ ਬਿਮਾਰੀਆਂ ਹੋ ਸਕਦੀਆਂ ਹਨ। ਰਿਕਟਸਿਆ ਤੋਂ  ਟਿਕ ਫੀਵਰ, ਕਿਊ ਫੀਵਰ, ਸਿੱਟਾਕੋਸਿਸ ਤੇ ਪਰਜੀਵੀਆਂ ਤੋ ਟੋਕਸੋਪਲਾਸਮੋਸਿਸ, ਲਿਸਟਰਿਓਸਿਸ ਬਿਮਾਰੀਆਂ ਹੁੰਦੀਆਂ ਹਨ। ਪੇਟ ਦੇ ਕੀੜੇ- ਟੀਨੀਏਸੀਸ ਅਤੇ ਚਿੱਚੜਾਂ ਤੋਂ ਸਕੈਬੀਜ਼, ਦਾਦ ਆਦਿ ਬਿਮਾਰੀਆਂ ਹੋਣ ਦੀ ਸੰਭਾਵਨਾ ਹੁੰਦੀ ਹੈ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੇ ਦੱਸਿਆ ਕਿ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਦੇ ਉਪਾਅ ਵੀ ਜ਼ਰੂਰੀ ਹਨ, ਜਿਵੇਂ ਕਿ ਆਪਣੇ ਪਾਲਤੂ ਜਾਨਵਰਾਂ ਪੰਛੀਆਂ ਦੀ ਸਾਫ਼-ਸਫ਼ਾਈ, ਆਪਣੇ ਆਲੇ ਦੁਆਲੇ ਦੀ ਸਫ਼ਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਕੱਚੇ ਦੁੱਧ ਅਤੇ ਹੋਰ ਡੇਅਰੀ ਪ੍ਰੋਡਕਟਸ ਦੀ ਵਰਤੋਂ ਕਰਦੇ ਸਮੇਂ ਧਿਆਨ ਦੇਣਾ ਚਾਹੀਦਾ ਹੈ, ਦੁੱਧ ਹਮੇਸ਼ਾ ਉਬਾਲਿਆ ਹੀ ਵਰਤਿਆ ਜਾਵੇ, ਫਲ-ਸਬਜ਼ੀਆਂ ਧੋ ਕੇ ,ਕੇ ਸੁਕਾ ਕੇ ਵਰਤੀਆਂ ਜਾਣ। ਪਾਲਤੂ ਜਾਨਵਰਾਂ ਨੂੰ ਡਾਕਟਰ ਕੋਲ ਹਰ ਤਿੰਨ ਮਹੀਨੇ ਬਾਅਦ ਚੈੱਕ ਕਰਵਾਉਣਾ ਚਾਹੀਦਾ ਹੈ, ਛੋਟੇ ਬੱਚਿਆਂ ਨੂੰ ਕੁੱਤੇ ਬਿੱਲੀ ਤੋਤੇ ਆਦਿ ਤੋਂ ਦੂਰ ਰੱਖਣਾ ਚਾਹੀਦਾ ਹੈ ਅਤੇ ਜਾਨਵਰਾਂ ਦੇ ਮਲ ਮੂਤਰ ਨੂੰ ਚੰਗੀ ਤਰ੍ਹਾਂ ਡਿਸਪੋਜ਼ ਕਰਕੇ ਹਮੇਸ਼ਾ ਹੱਥਾਂ ਦੀ ਸਫ਼ਾਈ ਰੱਖਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਵਿਸ਼ਵ ਪੱਧਰੀ ਜੂਨੋਸਿਸ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਸ੍ਰ. ਗੁਰਮੀਤ ਸਿੰਘ ਖੁੱਡੀਆਂ ਸ਼ਿਰਕਤ ਕਰਨਗੇ।