Thursday, November 6Malwa News
Shadow

ਨੰਗਲ ਇਲਾਕੇ ਲਈ ਵੱਡੀ ਖੁਸ਼ਖਬਰੀ, ਪੰਜਾਬ ਵਜ਼ਾਰਤ ਦੀ ਮੀਟਿੰਗ ਵਿੱਚ ਨੰਗਲ ਨੂੰ ਨਵਾ ਬਲਾਕ ਬਣਾਇਆ

ਨੰਗਲ 30 ਜੁਲਾਈ () ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਖੁਸ਼ੀ ਸਾਝੀ ਕਰਦੇ ਹੋਏ ਦੱਸਿਆ ਹੈ ਕਿ ਅੱਜ ਪੰਜਾਬ ਵਜ਼ਾਰਤ ਦੀ ਮੀਟਿੰਗ ਵਿੱਚ ਨੰਗਲ ਨੂੰ ਨਵਾ ਵੱਖਰਾ ਬਲਾਕ ਬਣਾਇਆ ਗਿਆ ਹੈ। ਇਸ ਫੈਸਲੇ ਨਾਲ ਨੰਗਲ ਦੇ ਨਾਲ ਲੱਗਦੇ ਪੇਂਡੂ ਇਲਾਕਿਆਂ ਵਿੱਚ ਪ੍ਰਸ਼ਾਸਕੀ ਕੁਸ਼ਲਤਾ, ਠੋਸ ਵਿਉਂਤਬੰਦੀ ਅਤੇ ਵਿਕਾਸ ਸਕੀਮਾਂ ਨੂੰ ਸੌ ਫੀਸਦੀ ਅਮਲ ਵਿੱਚ ਲਿਆਉਣ ਵਿੱਚ ਕਾਫੀ ਲਾਭ ਮਿਲੇਗਾ।

     ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਸ.ਬੈਂਸ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼- ਪੰਜਾਬ ਦੀ ਹੱਦ ਨਾਲ ਲੱਗਦੇ ਬਹੁਤ ਸਾਰੇ ਪਿੰਡ ਪੰਜਾਬ ਸਰਕਾਰ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਦਾ ਲਾਭ ਲੈਣ ਵਿੱਚ ਦੇਰੀ ਤੋ ਪ੍ਰਭਾਵਿਤ ਹੁੰਦੇ ਸਨ। ਅਸੀ ਇਹ ਉਪਰਾਲਾ ਕੀਤਾ ਹੈ ਕਿ ਨੰਗਲ ਇਲਾਕੇ ਦੇ ਇਨ੍ਹਾਂ ਪਿੰਡਾਂ ਭੰਗਲ, ਮਹਿੰਦਪੁਰ, ਖੇੜਾ ਕਲਮੋਟ, ਲੋਅਰ ਮਜਾਰੀ ਅਤੇ ਨਾਨਗਰਾਂ ਵਰਗੇ ਬਹੁਤ ਸਾਰੇ ਦੂਰ ਦੂਰਾਂਡੇ ਦੇ ਪਿੰਡ ਹੁਣ ਵਿਕਾਸ ਦੀ ਸੁਸਤ ਰਫਤਾਰ ਤੋਂ ਦੂਰ ਹੋ ਜਾਣਗੇ ਅਤੇ ਇੱਥੇ ਸਰਕਾਰ ਦੇ ਵਿਕਾਸ ਅਤੇ ਸਾਰੀਆਂ ਯੋਜਨਾਵਾਂ ਦਾ ਲਾਭ ਸਮੇਂ ਸਿਰ ਪਹੁੰਚੇਗਾ।

   ਉਨ੍ਹਾਂ ਨੇ ਦੱਸਿਆ ਕਿ ਪੇਂਡੂ ਇਲਾਕਿਆਂ ਵਿੱਚ ਪ੍ਰਬੰਧਕੀ ਵਿਵਸਥਾ ਅਤੇ ਸੇਵਾਵਾਂ ਮੁਹੱਈਆ ਕਰਵਾਉਣ ਲਈ ਵੱਡੇ ਪ੍ਰਸ਼ਾਸਕੀ ਸੁਧਾਰ ਲਿਆਉਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਅੱਜ ਪੇਂਡੂ ਵਿਕਾਸ ਬਲਾਕਾਂ ਦੇ ਪੁਨਰਗਠਨ ਨੂੰ ਹਰੀ ਝੰਡੀ ਦੇ ਦਿੱਤੀ ਹੈ ਤਾਂ ਕਿ ਇਨ੍ਹਾਂ ਬਲਾਕਾਂ ਨੂੰ ਜ਼ਿਲ੍ਹੇ ਦੀਆਂ ਹੱਦਾਂ ਨਾਲ ਜੋੜਿਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਇਸ ਫੈਸਲੇ ਨਾਲ ਪ੍ਰਸ਼ਾਸਕੀ ਕੁਸ਼ਲਤਾ ਵਿੱਚ ਵਿਆਪਕ ਸੁਧਾਰ ਹੋਵੇਗਾ।

             ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਬਲਾਕਾਂ ਦੇ ਅਧਿਕਾਰ ਖੇਤਰ ਨੂੰ ਸਬੰਧਤ ਜ਼ਿਲ੍ਹਾ ਸੀਮਾਵਾਂ ਦੇ ਅਨੁਸਾਰ ਲਿਆਉਣ ਲਈ ਪੁਨਰਗਠਨ ਕੀਤਾ ਗਿਆ ਹੈ। ਸ.ਬੈਂਸ ਨੇ ਕਿਹਾ ਕਿ ਨੰਗਲ ਨੂੰ ਵੱਖਰਾ ਬਲਾਕ ਬਣਾ ਕੇ ਇਸ ਪੁਨਰਗਠਨ ਦਾ ਉਦੇਸ਼ ਬਲਾਕ-ਪੱਧਰੀ ਅਤੇ ਜ਼ਿਲ੍ਹਾ-ਪੱਧਰੀ ਪ੍ਰਸ਼ਾਸਨ ਵਿਚਕਾਰ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣਾ, ਪੇਂਡੂ ਵਿਕਾਸ ਯੋਜਨਾਵਾਂ ਦੀ ਬਿਹਤਰ ਵਿਉਂਤਬੰਦੀ ਅਤੇ ਵਿਕਾਸ ਸਕੀਮਾਂ ਨੂੰ ਲਾਗੂ ਕਰਨ ਨੂੰ ਸੁਚਾਰੂ ਬਣਾਉਣ ਤੋਂ ਇਲਾਵਾ ਪ੍ਰਸ਼ਾਸਕੀ ਕੰਮਾਂ ਦੀ ਅਸਾਵੀਂ ਵਿਵਸਥਾ (ਓਵਰਲੈਪ) ਨੂੰ ਖਤਮ ਕਰਨਾ ਹੈ, ਜੋ ਅਕਸਰ ਦੇਰੀ ਅਤੇ ਸੁਸਤ ਕਾਰਗੁਜ਼ਾਰੀ ਦੇ ਕਾਰਨ ਬਣਦੇ ਸਨ। ਪੁਨਰਗਠਨ ਦੀ ਪ੍ਰਕਿਰਿਆ ਮੌਕੇ ਮੌਜੂਦਾ ਪ੍ਰਸ਼ਾਸਕੀ ਸੀਮਾਵਾਂ ਅਤੇ ਕਾਰਜਸ਼ੀਲ ਲੋੜਾਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ ਹੈ।

    ਉਨ੍ਹਾਂ ਨੇ ਕਿਹਾ ਕਿ ਅਸੀ ਇਸ ਇਲਾਕੇ ਵਿੱਚ ਪੁਨਰਗਠਨ ਮੌਕੇ ਸਾਰੀਆਂ ਲੋੜੀਂਦੀਆਂ ਕਾਨੂੰਨੀ ਅਤੇ ਪ੍ਰਸ਼ਾਸਕੀ ਪ੍ਰਕਿਰਿਆਵਾਂ ਦੀ ਪਾਲਣਾ ਯਕੀਨੀ ਬਣਾਈ ਗਈ ਹੈ। ਸ.ਬੈਂਸ ਨੇ ਕਿਹਾ ਕਿ ਇਸ ਇਲਾਕੇ ਦੇ ਪੇਂਡੂ ਖੇਤਰਾਂ ਵਿਚ ਰਹਿ ਰਹੇ ਲੋਕਾਂ ਦੀ ਇਹ ਚਿਰਕੋਣੀ ਮੰਗ ਸੀ ਕਿ ਸਾਡੇ ਇਲਾਕੇ ਦਾ ਵੱਖਰਾ ਬਲਾਕ ਬਣਾਇਆ ਜਾਵੇ ਤਾਂ ਜੋ ਸਰਕਾਰ ਦੀਆਂ ਵਿਕਾਸ ਦੀਆਂ ਯੋਜਨਾਵਾਂ ਦਾ ਲਾਭ ਬਿਨਾ ਦੇਰੀ ਸਾਡੇ ਪਿੰਡਾਂ ਤੱਕ ਪਹੁੰਚ ਸਕੇ, ਜਿਸ ਦੇ ਲਈ ਵਿਆਪਕ ਪੱਧਰ ਤੇ ਚਾਰਾਜੋਈ ਸੁਰੂ ਕੀਤੀ ਅਤੇ ਅੱਜ ਸਾਡੇ ਮੁੱਖ ਸ.ਭਗਵੰਤ ਸਿੰਘ ਮਾਨ ਨੇ ਸਾਡੀ ਇਸ ਮੰਗ ਨੂੰ ਪ੍ਰਵਾਨ ਕਰਦੇ ਹੋਏ ਮੰਤਰੀ ਮੰਡਲ ਵਿੱਚ ਨੰਗਲ ਨੂੰ ਵੱਖਰੇ ਬਲਾਕ ਦਾ ਦਰਜਾ ਦੇ ਦਿੱਤਾ ਹੈ।