Friday, November 7Malwa News
Shadow

ਇਕ ਰੁੱਖ ਮਾਂ ਦੇ ਨਾਮ ਪ੍ਰੋਗਰਾਮ ਤਹਿਤ ਮੇਰਾ ਯੁਵਾ ਭਾਰਤ ਨੇ ਆਯੋਜਿਤ ਕੀਤਾ ਸੈਮੀਨਾਰ

ਮੋਗਾ 27 ਜੁਲਾਈ:  ਭਾਰਤ ਸਰਕਾਰ ਦੇ ਵਿਭਾਗ ਮੇਰਾ ਯੁਵਾ ਭਾਰਤ ਮੋਗਾ ਵਲੋਂ ਜ਼ਿਲ੍ਹਾ ਯੂਥ ਅਫਸਰ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਰਕਾਰੀ ਆਈ.ਟੀ.ਆਈ ਲੜਕੀਆਂ ਵਿਖੇ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿਚ ਰੁੱਖਾਂ ਦੀ ਮਹੱਤਤਾ ਦੱਸਦੇ ਹੋਏ ਇਸ ਵਿਸ਼ੇ ਦੇ ਸਬੰਧ ਵਿਚ ਵੱਖ-ਵੱਖ ਬੁਲਾਰਿਆਂ ਵਲੋਂ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ ਗਏ। ਆਈ. ਟੀ.ਆਈ ਦੇ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਨੂੰ ਇੱਕ-ਇੱਕ ਰੁੱਖ ਜਰੂਰੀ ਤੌਰ ਤੇ ਲਾਉਣ ਲਈ ਜ਼ੋਰ ਦਿੱਤਾ ਗਿਆ। 

 ਜ਼ਿਲ੍ਹਾ ਯੂਥ ਅਫਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰੁੱਖਾਂ ਤੋਂ ਬਿਨ੍ਹਾਂ ਸੰਸਾਰ ਉੱਤੇ ਕਿਸੇ ਵੀ ਮਨੁੱਖ, ਜੀਵ ਜੰਤੂ ਜਾਂ ਕਿਸੇ ਵੀ ਪ੍ਰਕਾਰ ਦੇ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਮਨੁੱਖ ਨੂੰ ਜਿਉਂਦੇ ਰਹਿਣ ਲਈ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਸਾਨੂੰ ਰੁੱਖਾਂ ਤੋਂ ਮੁਫ਼ਤ ਪ੍ਰਾਪਤ ਹੁੰਦੀ ਹੈ। ਉਹਨਾਂ ਯੂਥ ਨੂੰ ਇਕ ਰੁੱਖ ਆਪਣੀ ਮਾਂ ਦੇ ਨਾਮ ਤੇ ਲਾਉਣ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਇਸ ਨਾਲ ਅਸੀਂ ਆਪਣੀ ਪ੍ਰਕ੍ਰਿਤੀ ਨਾਲ ਭਾਵਨਾਤਮਕ ਤਰੀਕੇ ਨਾਲ ਜੁੜ ਕੇ ਉਸਦੀ ਸਾਂਭ-ਸੰਭਾਲ ਕਰ ਸਕਦੇ ਹਾਂ। ਇਸ ਤੋਂ ਇਲਾਵਾ ਯੂਥ ਅਫਸਰ ਵੱਲੋਂ ਪ੍ਰੋਗਰਾਮ ਵਿਚ ਸ਼ਾਮਿਲ ਯੂਥ ਨੂੰ ਸਹੁੰ ਦਵਾਈ ਗਈ।

  ਇਸ ਮੌਕੇ ਜਸਵੀਰ ਕੌਰ ਨੇ ਆਏ ਹੋਏ ਬੁਲਾਰਿਆਂ ਦਾ ਧੰਨਵਾਦ ਕੀਤਾ ਅਤੇ ਮੰਚ ਦਾ ਸੰਚਾਲਨ ਸਤਨਾਮ ਸਿੰਘ ਯੂਥ ਵਲੰਟੀਅਰ ਵੱਲੋਂ ਕੀਤਾ ਗਿਆ। ਇਸ ਸਮੇ ਸਮੂਹ ਸਟਾਫ ਆਈ.ਟੀ.ਆਈ ਅਤੇ ਵਿਦਿਆਰਥੀਆਂ ਵੱਲੋਂ ਵੱਡੀ ਗਿਣਤੀ ਵਿਚ ਹਾਜ਼ਿਰ ਹੋ ਕੇ ਬੁੱਟੇ ਲਗਾਏ ਗਏ।