Friday, November 7Malwa News
Shadow

ਵਰਲਡ ਪੁਲਿਸ ਐਂਡ ਫਾਇਰ ਜੇਮਜ਼ ‘ਚ ਦੇਸ਼ ਦਾ ਨਾਂਅ ਰੋਸ਼ਨ ਕਰਨ ਵਾਲੀ ਰਜਨੀ ਦਾ ਡਿਪਟੀ ਸਪੀਕਰ ਰੌੜੀ ਵੱਲ਼ੋਂ ਵਿਸ਼ੇਸ਼ ਸਨਮਾਨ

ਗੜ੍ਹਸ਼ੰਕਰ/ਹੁਸ਼ਿਆਰਪੁਰ, 22 ਜੁਲਾਈ :          ਵਰਲਡ ਪੁਲਿਸ ਐਂਡ ਫਾਇਰ ਜੇਮਜ਼ ‘ਚ ਸੋਨੇ, ਚਾਂਦੀ ਅਤੇ ਕਾਂਸੇ ਦੇ ਤਗਮੇ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਨਾਂਅ ਰੋਸ਼ਨ ਕਰਨ ਵਾਲੀ ਰਜਨੀ ਨੂੰ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਹਲਕਾ ਵਿਧਾਇਕ ਗੜ੍ਹਸ਼ੰਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
         ਰਜਨੀ ਨੇ ਅਮਰੀਕਾ ਦੇ ਬਹਮਿੰਘਮ ਵਿਚ ਹੋਈਆਂ ਇਨ੍ਹਾਂ ਖੇਡਾਂ ਵਿਚ 100 ਮੀਟਰ ਹਰਡਲਜ਼, 400 ਮੀਟਰ ਰੀਲੇਅ, 800 ਮੀਟਰ ਫਲੈਟ ਅਤੇ 100 ਮੀਟਰ ਰੀਲੇਅ ਵਿਚ ਸੋਨੇ ਦੇ ਤਗਮੇ ਜਿੱਤੇ। ਇਸ ਦੇ ਨਾਲ ਹੀ 400 ਮੀਟਰ ਹਰਡਲਜ਼ ਵਿਚ ਚਾਂਦੀ ਅਤੇ 100 ਮੀਟਰ ਤੇ 400 ਮੀਟਰ ਫਲੈਟ ਵਿਚ ਕਾਂਸੇ ਦੇ ਤਗਮੇ ਜਿੱਤ ਕੇ ਪੰਜਾਬ ਪੁਲਿਸ ਵਿਚ ਸੇਵਾ ਦੇ ਨਾਲ ਦੇਸ਼ ਦਾ ਨਾਮ ਰੋਸ਼ਨ ਕੀਤਾ।
         ਡਿਪਟੀ ਸਪੀਕਰ ਰੌੜੀ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਪੰਜਾਬ ਦੀ ਧੀ ਰਜਨੀ ਨੇ ਨਾ ਸਿਰਫ ਆਪਣੇ ਮਾਪਿਆਂ ਅਤੇ ਭੈਣ-ਭਰਾ ਦਾ ਨਾਂਅ ਰੋਸ਼ਨ ਕੀਤਾ, ਸਗੋਂ ਪੂਰੇ ਗੜ੍ਹਸ਼ੰਕਰ ਹਲਕੇ ਅਤੇ ਪੰਜਾਬ ਦਾ ਵੀ ਸਿਰ ਉੱਚਾ ਕੀਤਾ। ਉਨ੍ਹਾਂ ਕਿਹਾ ਕਿ ਰਜਨੀ ਵਾਂਗ ਹੋਰ ਧੀਆਂ ਅਤੇ ਨੌਜਵਾਨ ਵੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਖਿਡਾਰੀਆਂ ਨਾਲ ਖੜ੍ਹੀ ਹੈ ਅਤੇ ਹਰ ਪੱਧਰ ‘ਤੇ ਉਨ੍ਹਾਂ ਨੂੰ ਸਹਿਯੋਗ ਦਿੱਤਾ ਜਾਵੇਗਾ।
        ਡਿਪਟੀ ਸਪੀਕਰ ਨੇ ਕਿਹਾ ਕਿ ਰਜਨੀ ਵਾਂਗ ਜਿਹੜੇ ਬੱਚੇ ਖੇਡਾਂ ਰਾਹੀਂ ਆਪਣੀ ਕਾਬਲੀਅਤ ਦਾ ਪ੍ਰਮਾਣ ਦੇ ਰਹੇ ਹਨ, ਉਨ੍ਹਾਂ ਲਈ ਪੰਜਾਬ ਸਰਕਾਰ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੇਗੀ ਤਾਂ ਜੋ ਉਹ ਅੱਗੇ ਵੱਧ ਕੇ ਪੰਜਾਬ ਅਤੇ ਦੇਸ਼ ਦਾ ਨਾਂਅ ਵਿਸ਼ਵ ਪੱਧਰ ‘ਤੇ ਰੋਸ਼ਨ ਕਰ ਸਕਣ।