
ਅੰਮ੍ਰਿਤਸਰ (2 ਜੁਲਾਈ): ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਮ੍ਰਿਤਸਰ ਨਗਰ ਨਿਗਮ ਵਲੋਂ ਅੰਮ੍ਰਿਤਸਰ ਬਲਕ ਵਾਟਰ ਸਪਲਾਈ ਸਕੀਮ ਤਹਿਤ ਆਪਦਾ ਪ੍ਰਬੰਧਨ ਬਾਰੇ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।
ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਦੀ ਬਠਿੰਡਾ ਸਥਿਤ 7ਵੀਂ ਬਟਾਲੀਅਨ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਦਾ ਉਦੇਸ਼ ਅਧਿਕਾਰੀਆਂ ਨੂੰ ਕੁਦਰਤੀ ਅਤੇ ਮਨੁੱਖਾ ਦੁਆਰਾ ਪੈਦਾ ਕੀਤੀਆਂ ਆਪਦਾਵਾਂ ਨਾਲ ਨਜਿੱਠਣ ਲਈ ਤਿਆਰ ਕਰਨਾ ਸੀ। ਜਿਸ ਵਿੱਚ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਸਿਹਤ ਵਿਭਾਗ, ਪੁਲਿਸ, ਹੋਮ ਗਾਰਡ, ਫਾਇਰ ਬ੍ਰਿਗੇਡ, ਸਿਵਲ ਡਿਫੈਂਸ ਵਿਭਾਗ ਦੇ ਅਧਿਕਾਰੀਆਂ ਅਤੇ ਅੰਮ੍ਰਿਤਸਰ ਬਲਕ ਵਾਟਰ ਸਪਲਾਈ ਪ੍ਰੋਜੈਕਟ ‘ਤੇ ਕੰਮ ਕਰ ਰਹੀ ਲਾਰਸਨ ਐਂਡ ਟੂਬਰੋ ਕੰਪਨੀ ਦੇ ਕਰਮਚਾਰੀਆਂ ਨੇ ਭਾਗ ਲਿਆ।
ਇਸ ਮੌਕੇ ਐਨ.ਡੀ.ਆਰ.ਐਫ ਦੇ ਸਹਾਇਕ ਕਮਾਂਡੈਂਟ ਅਨਿਲ ਕੁਮਾਰ ਰਣਵਾ ਨੇ ਦੱਸਿਆ ਕਿ ਅੰਮ੍ਰਿਤਸਰ ਸਿਸਮਿਕ ਜ਼ੋਨ ਚਾਰ ਅਧੀਨ ਆਉਂਦਾ ਹੈ, ਜਿੱਥੇ ਭੂਚਾਲ ਆਉਣ ਦੀ ਸੰਭਾਵਨਾ ਜ਼ਿਆਦਾ ਹੈ। ਇਸ ਤੋਂ ਇਲਾਵਾ ਜਲਵਾਯੂ ਤਬਦੀਲੀ ਕਾਰਨ ਕੁਦਰਤੀ ਆਪਦਾਵਾਂ ਆਉਣ ਦੀ ਸੰਭਾਵਨਾ ਵੀ ਵਧ ਗਈ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਪ੍ਰਸ਼ਾਸਨ ਕਿਸੇ ਵੀ ਆਫ਼ਤ ਲਈ ਪਹਿਲਾਂ ਤੋਂ ਤਿਆਰ ਰਹੇ। ਐਨ.ਡੀ.ਆਰ.ਐਫ ਦੇ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਕਿਹਾ ਕਿ ਭੂਚਾਲ ਆਉਣ ਦੀ ਸੂਰਤ ਵਿੱਚ ਹਮੇਸ਼ਾ ਆਪਣਾ ਸਿਰ ਬਚਾਉਣ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਸਿਰ ਦੀ ਸੱਟ ਜ਼ਿਆਦਾ ਘਾਤਕ ਹੁੰਦੀ ਹੈ। ਐੱਨ.ਡੀ.ਆਰ.ਐੱਫ. ਦੀ ਟੀਮ ਨੇ ਭੂਚਾਲ ਆਉਣ ਦੀ ਸੂਰਤ ਵਿੱਚ ਆਪਣੀ ਰੱਖਿਆ ਕਿਵੇਂ ਕਰਨੀ ਹੈ ਅਤੇ ਨੁਕਸਾਨੀ ਗਈ ਇਮਾਰਤ ਵਿੱਚੋਂ ਸੁਰੱਖਿਅਤ ਬਾਹਰ ਕਿਵੇਂ ਨਿਕਲਣਾ ਹੈ ਇਸ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਦੁਰਘਟਨਾ ਦੀ ਸੂਰਤ ਵਿੱਚ ਡਾਕਟਰੀ ਸਹਾਇਤਾ ਆਉਣ ਤੱਕ ਜ਼ਖਮੀ ਵਿਅਕਤੀ ਦਾ ਖੂਨ ਵਹਿਣ ਤੋਂ ਰੋਕਣ ਵੱਲ ਵੱਧ ਧਿਆਨ ਦਿੱਤਾ ਜਾਵੇ। ਕਿਉਂਕਿ ਹਾਦਸਿਆਂ ਦੌਰਾਨ ਜ਼ਿਆਦਾ ਖੂਨ ਵਹਿਣ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਥੋੜੀ ਜਿਹੀ ਸਾਵਧਾਨੀ ਨਾਲ ਰੋਕਿਆ ਜਾ ਸਕਦਾ ਹੈ। ਡਾਕਟਰੀ ਸਹਾਇਤਾ ਪਹੁੰਚਣ ਤੋਂ ਪਹਿਲਾਂ ਖੂਨ ਵਹਿਣ ਨੂੰ ਰੋਕਣ ਲਈ ਐਨ.ਡੀ.ਆਰ.ਐਫ ਟੀਮ ਦੁਆਰਾ ਕਈ ਉਪਾਅ ਸੁਝਾਏ ਗਏ ਸਨ। ਟੀਮ ਨੂੰ ਇਹ ਵੀ ਸਿਖਾਇਆ ਗਿਆ ਕਿ ਜ਼ਖਮੀਆਂ ਨੂੰ ਲਿਜਾਣ ਲਈ ਕੰਬਲ ਅਤੇ ਟੀ-ਸ਼ਰਟਾਂ ਤੋਂ ਸਟਰੈਚਰ ਕਿਵੇਂ ਬਣਾਉਣਾ ਹੈ ਅਤੇ ਦਿਲ ਦਾ ਦੌਰਾ ਪੈਣ ਦੀ ਸੂਰਤ ਵਿਚ ਸੀ.ਪੀ.ਆਰ ਕਿਵੇਂ ਦੇਣਾ ਹੈ, ਸੀ.ਪੀ.ਆਰ ਦੇਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਸ ਬਾਰੇ ਵੀ ਜਾਣਕਾਰੀ ਦਿੱਤੀ ਗਈ। ਟੀਮ ਨੇ ਕਿਹਾ ਕਿ ਸੀ.ਪੀ.ਆਰ ਦਿੰਦੇ ਸਮੇਂ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਪ੍ਰਭਾਵਿਤ ਵਿਅਕਤੀ ਨੂੰ ਕਿਸੇ ਸਮਤਲ ਅਤੇ ਸਖ਼ਤ ਜਗ੍ਹਾ ‘ਤੇ ਲੇਟਾਣਾ ਚਾਹੀਦਾ ਹੈ ਅਤੇ ਜੇਕਰ ਹੋ ਸਕੇ ਤਾਂ ਫਰਸ਼ ‘ਤੇ ਲੇਟ ਕੇ ਸੀ.ਪੀ.ਆਰ ਦੇਣੀ ਚਾਹੀਦੀ ਹੈ। ਇੰਸਪੈਕਟਰ ਰਣਜੀਤ ਕੁਮਾਰ ਮਿਸ਼ਰਾ ਨੇ ਕਿਹਾ ਕਿ ਕਿਸੇ ਵੀ ਰਸਾਇਣਕ ਦੁਰਘਟਨਾ (ਗੈਸ ਲੀਕ) ਦੀ ਸੂਰਤ ਵਿੱਚ ਦੁਰਘਟਨਾ ਵਾਲੀ ਥਾਂ ਤੋਂ ਘੱਟੋ-ਘੱਟ ਤਿੰਨ ਸੌ ਮੀਟਰ ਦੀ ਦੂਰੀ ਬਣਾਈ ਰੱਖੀ ਜਾਵੇ ਅਤੇ ਹਵਾ ਦੇ ਉਲਟ ਦਿਸ਼ਾ ਵੱਲ ਰੁਕਣਾ ਜਾਂ ਦੌੜਨਾ ਚਾਹੀਦਾ ਹੈ। ਐਨ.ਡੀ.ਆਰ.ਐਫ ਟੀਮ ਵਲੋਂ ਹੜ੍ਹਾਂ ਦੀ ਸਥਿਤੀ ਵਿੱਚ ਘਰੇਲੂ ਉਪਕਰਨਾਂ ਤੋਂ ਕਿਸ਼ਤੀਆਂ ਆਦਿ ਬਣਾਉਣ ਬਾਰੇ ਵੀ ਸਿਖਲਾਈ ਦਿੱਤੀ ਗਈ। ਐਨ.ਡੀ.ਆਰ.ਐਫ ਦੀ ਟੀਮ ਵੱਲਾ ਵਿੱਚ ਬਣਾਏ ਜਾ ਰਹੇ ਵਾਟਰ ਟ੍ਰੀਟਮੈਂਟ ਪਲਾਂਟ ਵਿੱਚ ਗਈ ਅਤੇ ਉੱਥੇ ਮੌਜੂਦ ਕਰਮਚਾਰੀਆਂ ਨੂੰ ਆਪਦਾ ਪ੍ਰਬੰਧਨ ਬਾਰੇ ਸਿਖਲਾਈ ਦਿੱਤੀ। ਇਸ ਮੌਕੇ ਅੰਮ੍ਰਿਤਸਰ ਬਲਕ ਵਾਟਰ ਸਪਲਾਈ ਪ੍ਰੋਜੈਕਟ ਦੇ ਹੈਲਥ ਅਤੇ ਸੇਫਟੀ ਅਫਸਰ ਡਾ: ਮੋਨਿਕਾ ਸੱਭਰਵਾਲ ਨੇ ਸਿਖਲਾਈ ਦੇਣ ਲਈ ਐਨ.ਡੀ.ਆਰ.ਐਫ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਐਲ.ਐਂਡ.ਟੀ ਦੇ ਪ੍ਰੋਜੈਕਟ ਡਾਇਰੈਕਟਰ ਸੰਜੇ ਸਿੰਘ, ਰਮਨ ਸ਼ਰਮਾ, ਕ੍ਰਿਸ਼ਨਾ ਲੋਕੇਸ਼, ਰੌਬਿਨ, ਈਸ਼ਵਦੀਪ ਸਿੰਘ ਆਦਿ ਵੀ ਹਾਜ਼ਰ ਸਨ।