
ਫਰੀਦਕੋਟ, 31 ਮਈ : ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਇਤਿਹਾਸਕ ਕਦਮ ਚੁੱਕਦਿਆਂ, ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫਰੀਦਕੋਟ ਨੂੰ ਪੰਜਾਬ ਦਾ ਪਹਿਲਾ 3 ਟੈਸਲਾ ਐਮ.ਆਰ.ਆਈ. ਮੈਗਨੈਟਮ ਵੀਆਈਡੀਏ (64 ਚੈਨਲ) ਪ੍ਰਾਪਤ ਹੋਇਆ ਹੈ। ਇਹ ਮਸ਼ੀਨ ਸੀਮਨਸ, ਜਰਮਨੀ ਤੋਂ ਆਈ ਹੈ ਅਤੇ ਇਹ ਪੰਜਾਬ ਵਿਚ ਆਪਣੀ ਕਿਸਮ ਦੀ ਪਹਿਲੀ ਉੱਨਤ ਮਸ਼ੀਨ ਹੈ। ਇਹ ਪ੍ਰੋਜੈਕਟ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਉਪ ਕੁਲਪਤੀ ਡਾ. ਰਾਜੀਵ ਸੂਦ ਦੀ ਅਗਵਾਈ ਅਤੇ ਫਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਦੀ ਲਗਾਤਾਰ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਸੰਭਵ ਹੋਇਆ ਹੈ।
ਇਹ ਐਮ.ਆਰ.ਆਈ. ਮਸ਼ੀਨ ਮਲਵਾ ਖੇਤਰ ਦੇ ਲੱਖਾਂ ਮਰੀਜ਼ਾਂ ਲਈ ਇਕ ਵੱਡਾ ਤੋਹਫਾ ਹੈ। ਇਸ ਵਿੱਚ ਪੂਰੇ ਸਰੀਰ ਦੀ ਉੱਚ-ਗੁਣਵੱਤਾ ਸਕੈਨਿੰਗ, ਓਂਕੋਲੋਜੀ (ਕੈਂਸਰ) ਸੂਟ, ਕਾਰਡੀਓਲੋਜੀ ਸੂਟ, ਲਿਵਰ ਲੈਬ, ਬਚਿਆਂ ਅਤੇ ਥੈਲੇਸੀਮੀਆ ਮਰੀਜ਼ਾਂ ਲਈ ਵਿਸ਼ੇਸ਼ ਡਾਇਗਨੋਸਟਿਕ ਪ੍ਰੋਟੋਕਾਲ ਸ਼ਾਮਲ ਹਨ।
29.85 ਕਰੋੜ ਰੁਪਏ ਦੀ ਲਾਗਤ, 5 ਸਾਲ ਦੀ ਵਾਰੰਟੀ
ਇਸ ਮਸ਼ੀਨ ਦੀ ਲਾਗਤ 29.85 ਕਰੋੜ ਰੁਪਏ ਹੈ ਅਤੇ ਇਹ 5 ਸਾਲ ਦੀ ਵਾਰੰਟੀ ਨਾਲ ਆਈ ਹੈ। ਜਲਦ ਹੀ ਇਸਦੀ ਇੰਸਟਾਲੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇੰਸਟਾਲ ਹੋਣ ਉਪਰੰਤ, ਇਹ ਮਸ਼ੀਨ ਮਰੀਜ਼ਾਂ ਨੂੰ ਤੇਜ਼, ਸਹੀ ਅਤੇ ਵਿਸ਼ਵਾਸ਼ਯੋਗ ਸੇਵਾਵਾਂ ਪ੍ਰਦਾਨ ਕਰੇਗੀ। ਬਾਬਾ ਫਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਇਹ ਮਸ਼ੀਨ ਫਰੀਦਕੋਟ ਪਹੁੰਚਣ ’ਤੇ ਖੁਸ਼ੀ ਜਤਾਈ ਅਤੇ ਉਨ੍ਹਾਂ ਸਾਰੇ ਵਿਅਕਤੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਆਧੁਨਿਕ ਸਿਹਤ ਸੇਵਾਵਾਂ ਨੂੰ ਹਰੇਕ ਵਰਗ ਤੱਕ ਪਹੁੰਚਾਉਣ ਲਈ ਦ੍ਰਿੜ਼ ਨਿਸ਼ਚੇ ਨਾਲ ਕੰਮ ਕਰ ਰਹੀ ਹੈ।
ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਐਮ.ਆਰ.ਆਈ. ਦੀ ਲੰਮੀ ਉਡੀਕ ਹੁਣ ਸਮਾਪਤ ਹੋ ਗਈ ਹੈ। ਹਸਪਤਾਲ ਵਿੱਚ ਹੋ ਰਹੇ ਨਵੇਂ ਸੁਧਾਰਾਂ ਨਾਲ ਮਲਵਾ ਖੇਤਰ ਦੇ ਮਰੀਜ਼ਾਂ ਨੂੰ ਪੂੰਜੀ ਆਈ ਜਾਂ ਡੀ ਐਨ ਸੀ ਜਾਣ ਦੀ ਲੋੜ ਨਹੀਂ ਪਵੇਗੀ। ਅਸੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਨੂੰ ਪੰਜਾਬ ਦੇ ਸਭ ਤੋਂ ਵਧੀਆ ਸਿਹਤ ਕੇਂਦਰਾਂ ਵਿੱਚ ਸ਼ਾਮਲ ਕਰਨ ਲਈ ਵਚਨਬੱਧ ਹਾਂ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਹੋਰ ਵਿਭਾਗਾਂ ਲਈ ਵੀ ਨਵੀਆਂ ਮਸ਼ੀਨਾਂ ਜਲਦ ਆ ਰਹੀਆਂ ਹਨ, ਜਿਸ ਨਾਲ ਇਲਾਜ ਦੀ ਗੁਣਵੱਤਾ ਅਤੇ ਰਫਤਾਰ ਦੋਹਾਂ ਵਿੱਚ ਵਾਧਾ ਹੋਏਗਾ।