Saturday, September 20Malwa News
Shadow

12 ਨਵੇਂ ਨਗਰ ਵਣ/ਵਾਟੀਕਾ ਪ੍ਰੋਜੈਕਟਾਂ ਨੂੰ ਪ੍ਰਵਾਨਗੀ

ਚੰਡੀਗੜ੍ਹ, 30 ਜੂਨ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਵਾਤਾਵਰਣ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਰਹਿਨੁਮਾਈ ਹੇਠ ਇਸ ਦਿਸ਼ਾ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ।  

ਨਗਰ ਵਣ ਯੋਜਨਾ ਸਕੀਮ ਤਹਿਤ ਭਾਰਤ ਸਰਕਾਰ ਪਾਸੋਂ ਸਾਲ 2023-24 ਦੌਰਾਨ 12 ਨਵੇਂ ਨਗਰ ਵਣ / ਵਾਟੀਕਾ ਪ੍ਰੋਜੈਕਟ ਪ੍ਰਵਾਨ ਕਰਵਾਏ ਗਏ ਹਨ। ਇਸ ਵਿੱਚ ਕੁੱਲ 265.958 ਲੱਖ ਰੁਪਏ ਖਰਚ ਹੋਣਗੇ। ਸਟੇਟ ਅਥਾਰਟੀ ਕੈਂਪਾ ਸਕੀਮ ਤਹਿਤ ਮੁਲਾਜ਼ਮਾਂ ਖਾਸ ਕਰਕੇ ਔਰਤਾਂ ਲਈ ਸਵੱਛਤਾ ਨੂੰ ਯਕੀਨੀ ਬਣਾਉਣ ਲਈ 3 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਨਰਸਰੀਆਂ ਵਿੱਚ 100 ਪਖਾਨਿਆਂ ਦੀ ਉਸਾਰੀ ਕੀਤੀ ਗਈ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸਾਲ 2024-25 ਦੌਰਾਨ ਹੋਰ ਵੀ ਪਾਖਾਨੇ ਉਸਾਰੇ ਜਾਣਗੇ। 

ਇੰਨਾ ਹੀ ਨਹੀਂ ਸਗੋਂ ਪਠਾਨਕੋਟ ਵਿਖੇ ਰੇਸ਼ਮ ਦੇ ਕੀੜੇ ਪਾਲਣ ਦਾ ਪ੍ਰੋਜੈਕਟ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਉੱਤੇ 3.75 ਕਰੋੜ ਰੁਪਏ ਖਰਚ ਆਵੇਗਾ ਅਤੇ ਇਸ ਉੱਦਮ ਨਾਲ 136 ਕਿਸਾਨਾਂ ਨੂੰ ਲਾਭ ਮਿਲੇਗਾ। 

ਇਸ ਤੋਂ ਇਲਾਵਾ ਵਿਭਾਗ ਵਿੱਚ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 72 ਕਲਰਕ, 2 ਉਪਰੇਂਜਰ, 2 ਫਾਰੈਸਟਰ ਅਤੇ 199 ਵਣਗਾਰਡਾਂ ਦੀ ਨਿਯੁਕਤੀ ਕੀਤੀ ਗਈ ਹੈ। ਵਿਭਾਗ ਵਿੱਚ ਨਵੇਂ ਭਰਤੀ ਹੋਏ ਕਲਰਕ, ਉਪਰੇਂਜਰ, ਫਾਰੈਸਟਰ, ਵਣ ਗਾਰਡਾਂ ਨੂੰ ਲੋੜੀਂਦੀ ਸਿਖਲਾਈ ਦਿੱਤੀ ਜਾ ਰਹੀ ਹੈ।

ਵਿਭਾਗ ਵੱਲੋਂ ਹੁਸ਼ਿਆਰਪੁਰ ਵਿਖੇ ਪਾਲੀਥੀਨ ਬੈਗ ਫੈਕਟਰੀ ਵਿੱਚ ਨਵੀਆਂ ਮਸ਼ੀਨਾਂ ਲਗਵਾਕੇ ਵਧੀਆ ਕਿਸਮ ਦੇ ਪਾਲੀਥੀਨ ਤਿਆਰ ਕੀਤੇ ਜਾ ਰਹੇ ਹਨ। ਪੰਜਾਬ ਰਾਜ ਵਣ ਨਿਗਮ ਵੱਲੋਂ ਸਾਲ 2023-24 ਦੌਰਾਨ ਬਠਿੰਡਾ ਵਿਖੇ ਫੈਂਸਿੰਗ ਪੋਸਟ ਵਰਮੀਕੰਪੋਸਟ ਅਤੇ ਵੂਡਨ ਕਰੇਟ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ।