Friday, November 7Malwa News
Shadow

ਸੰਯੁਕਤ ਡਾਇਰੈਕਟਰ ਖੇਤੀਬਾੜੀ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ, ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਅਬੋਹਰ, ਫਾਜ਼ਿਲਕਾ, 16 ਜੁਲਾਈ

ਸੰਯੁਕਤ ਡਾਇਰੈਕਟਰ ਖੇਤੀਬਾੜੀ ਸ੍ਰੀ ਦਿਲਬਾਗ ਸਿੰਘ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕਰਕੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਹੈ।

ਮੀਡੀਆ ਦੇ ਇਕ ਹਿੱਸੇ ਵਿੱਚ ਜ਼ਿਲ੍ਹੇ ਅੰਦਰ ਗੁਲਾਬੀ ਸੁੰਡੀ ਦੇ ਅਸਰ ਨੂੰ ਲੈ ਕੇ ਲੱਗੀ ਖਬਰ ਦੇ ਆਧਾਰ *ਤੇ ਕਿਸਾਨ ਗੁਰਪ੍ਰੀਤ ਸਿੰਘ ਪਿੰਡ ਪੱਟੀ ਸਦੀਕ ਬਲਾਕ ਅਬੋਹਰ ਦੇ ਖੇਤ ਦਾ ਦੌਰਾ ਸ਼੍ਰੀ ਦਿਲਬਾਗ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ (ਈ ਐਡ ਟੀ) ਪੰਜਾਬ, ਸ੍ਰੀ ਸੰਦੀਪ ਕੁਮਾਰ ਰਿਣਵਾਂ, ਮੁੱਖ ਖੇਤੀਬਾੜੀ ਅਫਸਰ,ਫਾਜਿਲਕਾ, ਸ਼੍ਰੀ ਸੁੰਦਰ ਲਾਲ,ਸਹਾਇਕ ਪੋਦਾ ਸੁਰੱਖਿਆ ਅਫਸਰ ਅਬੋਹਰ, ਸ਼੍ਰੀ ਅਸ਼ੀਸ਼ ਸ਼ਰਮਾ, ਖੇਤੀਬਾੜੀ ਵਿਕਾਸ ਅਫਸਰ(ਹ.ਕ), ਸ਼੍ਰੀ ਦਿਆਲ ਚੰਦ,ਖੇਤੀਬਾੜੀ ਵਿਸਥਾਰ ਅਫਸਰ, ਬਲਾਕ ਅਬੋਹਰ ਵੱਲੋ ਕਿਸਾਨ ਦੇ ਪਿਤਾ ਅਜਾਇਬ ਸਿੰਘ ਪੁੱਤਰ ਕਪੂਰ ਸਿੰਘ ਦੀ ਹਾਜਰੀ ਵਿੱਚ ਕੀਤਾ ਗਿਆ। ਕਿਸਾਨ ਨੇ ਆਪਣੀ ਮਾਲਕੀ ਜਮੀਨ 2.5 ਏਕੜ ਰਕਬੇ ਵਿੱਚ ਨਰਮੇ ਦੀ ਕਾਸ਼ਤ ਕੀਤੀ ਹੋਈ ਹੈ। ਨਰਮੇ ਦਾ ਕੱਦ ਕਾਠ ਅਤੇ ਰੰਗਤ ਠੀਕ ਹੈ। ਨਰਮੇ ਦੇ ਖੇਤ ਦਾ ਸਰਵੇਖਣ ਕਰਨ ਉਪਰੰਤ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦਾ ਹਮਲਾ ਨੁਕਸਾਨ ਦੀ ਹੱਦ ਤੋ ਘੱਟ ਪਾਇਆ ਗਿਆ ਹੈ। ਕਿਸਾਨ ਵੱਲੋ ਅਜੇ ਤੱਕ ਚਿੱਟੀ ਮੱਖੀ, ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕੀਟਨਾਸ਼ਕ ਦੀ ਵਰਤੋ ਨਹੀਂ ਕੀਤੀ ਗਈ।

ਇਸ ਤੋਂ ਇਲਾਵਾ ਸ਼੍ਰੀ ਦਿਲਬਾਗ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ (ਈ ਐਡ ਟੀ) ਪੰਜਾਬ ਜੀ ਦੀ ਪ੍ਰਧਾਨਗੀ ਹੇਠ ਟੀਮ ਵੱਲੋ ਪਿੰਡ ਡੰਗਰ ਖੇੜਾ ਵਿਖੇ ਕਿਸਾਨ ਰਮੇਸ਼ ਕੁਮਾਰ ਪੁੱਤਰ ਨੱਥੂ ਰਾਮ ਦੇ ਖੇਤ ਦਾ ਦੌਰਾ ਕੀਤਾ ਗਿਆ ਤਾਂ ਸਰਵੇਖਣ ਦੌਰਾਣ ਗੁਲਾਬੀ ਸੁੰਡੀ ਦਾ ਹਮਲਾ ਨੁਕਸਾਨ ਦੀ ਹੱਦ ਤੋ ਘੱਟ ਪਾਇਆ ਗਿਆ। ਖੇਤ ਦੇ ਨੇੜੇ ਭਿੰਡੀ ਦੀ ਫਸਲ ਦੇ ਬੂਟੇ ਮੌਜੂਦ ਸਨ, ਜਿਸ ਕਾਰਨ ਖੇਤ ਵਿੱਚ ਚਿੱਟੀ ਮੱਖੀ ਦਾ ਹਮਲਾ ਜਿਆਦਾ ਸੀ। ਇਸ ਤੇ ਸ੍ਰੀ ਸੰਦੀਪ ਕੁਮਾਰ ਰਿਣਵਾ, ਮੁੱਖ ਖੇਤੀਬਾੜੀ ਅਫਸਰ,ਫਾਜਿਲਕਾ ਵੱਲੋ ਕਿਸਾਨ ਨੂੰ ਸਮਝਾਇਆ ਗਿਆ ਕਿ ਭਿੰਡੀ ਦੀ ਫਸਲ ਦੇ ਬੂਟੇ ਖੇਤ ਦੇ ਆਲੇ ਦੁਆਲੇ ਨਾ ਲਾਏ ਜਾਣ ਕਿਉਂਕਿ ਇਸ ਨਾਲ ਨਰਮੇ ਦੀ ਫਸਲ ਉੱਪਰ ਚਿੱਟੀ ਮੱਖੀ ਦਾ ਹਮਲਾ ਜਿਆਦਾ ਹੁੰਦਾ ਹੈ ।

ਇਸ ਤੋਂ ਬਿਨ੍ਹਾਂ ਜਿਲ੍ਹਾ ਫਾਜਿਲਕਾ ਵਿਚ 20 ਪੈਸਟ ਸਰਵੇਖਣ ਟੀਮਾਂ ਵੱਲੋ ਕੁੱਲ ਨਰਮੇ ਦੇ 73 ਪਲਾਟ ਵੇਖੇ ਗਏ ਜਿਨ੍ਹਾਂ ਵਿਚੋ 8 ਹਾਟਸਪਾਟ ਚਿੱਟੀ ਮੱਖੀ ਦੇ ਅਤੇ 3 ਹਾਟ ਸਪਾਟ ਗੁਲਾਬੀ ਸੁੰਡੀ ਦੇ ਪਾਏ ਗਏ। ਇਹਨਾਂ ਹਾਟਸਪਾਟ ਖੇਤਾਂ/ਪਲਾਟਾਂ ਵਿੱਚ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸੀਟੀ ਲੁਧਿਆਣਾ ਦੀਆਂ ਸਿਫਾਰਸ਼ਾ ਅਨੁਸਾਰ ਕੀਟਨਾਸ਼ਕਾ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ।

ਅੰਤ ਵਿੱਚ ਸ਼੍ਰੀ ਦਿਲਬਾਗ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ (ਈ ਐਡ ਟੀ) ਪੰਜਾਬ ਜੀ ਵੱਲੋ ਬਲਾਕ ਅਬੋਹਰ ਵਿਖੇ ਸਟਾਫ ਮੀਟਿੰਗ ਕੀਤੀ ਗਈ ਅਤੇ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਹਰ ਸੋਮਵਾਰ ਅਤੇ ਵੀਰਵਾਰ ਨਰਮੇ ਦੀ ਫਸਲ ਉੱਪਰ ਪੈਸਟ ਸਰਵੇਖਣ ਕੀਤਾ ਜਾਵੇ ਅਤੇ ਸ਼ਡਿਊਲ ਅਨੁਸਾਰ ਕਿਸਾਨ ਸਿਖਲਾਈ ਕੈਂਪ ਲਗਾਏ ਜਾਣ। ਪਿੰਡ ਵਿੱਚ ਜਾਣ ਸਮੇਂ ਗੁਰਦੁਆਰਾ ਸਾਹਿਬ ਅਤੇ ਹੋਰ ਜਨਤਕ ਥਾਂ ਤੋਂ ਵਿਭਾਗ ਦੇ ਪਿੰਡ ਵਿੱਚ ਪਹੁੰਚਣ ਸਬੰਧੀ ਅਨਾਉਂਸਮੈਂਟ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਵੱਲੋ ਆਪਣੇ ਖੇਤ ਦਾ ਦੋਰਾ ਵਿਭਾਗ ਦੇ ਅਧਿਕਾਰੀਆਂ ਵੱਲੋ ਕਰਵਾਇਆ ਜਾ ਸਕੇ।