Friday, November 7Malwa News
Shadow

ਸਿਹਤ ਵਿਭਾਗ ਦੀ ਟੀਮ ਨੇ ਆਦਰਸ਼ ਨਗਰ ਫਾਜ਼ਿਲਕਾ ਤੋਂ ਭਰੇ ਪੀਣ ਵਾਲੇ ਪਾਣੀ ਦੇ ਸੈਂਪਲ

ਫਾਜ਼ਿਲਕਾ 20 ਜੁਲਾਈ : ਸਿਵਲ ਸਰਜਨ ਫਾਜ਼ਿਲਕਾ ਡਾ: ਚੰਦਰ ਸ਼ੇਖਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰੋਹਿਤ ਦੀ ਅਗਵਾਈ ਹੇਠ ਸਿਹਤ ਵਿਭਾਗ ਫਾਜ਼ਿਲਕਾ ਦੀ ਟੀਮ ਵੱਲੋਂ ਆਦਰਸ਼ ਨਗਰ ਫਾਜ਼ਿਲਕਾ ਦੀ ਗਲੀ ਨੰ:5 ਤੇ 6 ਵਿੱਚੋਂ ਪੀਣ ਵਾਲੇ ਪਾਣੀ ਦੇ 10 ਸੈਂਪਲ ਭਰੇ ਗਏ।

          ਸੀਨੀਅਰ ਮੈਡੀਕਲ ਅਫਸਰ ਡਾ. ਰੋਹਿਤ ਨੇ ਦੱਸਿਆ ਕਿ ਵਾਟਰ ਸਪਲਾਈ ਟੈਂਕ ਦੇ ਪੰਪ ਤੋਂ ਲੋਕਾਂ ਦੇ ਘਰਾਂ ਵਿੱਚ ਆ ਰਹੇ ਪੀਣ ਵਾਲੇ ਪਾਣੀ ਦੀ ਸ਼ੁੱਧਤਾ ਨੂੰ ਚੈੱਕ ਕਰਨ ਲਈ ਇਹ ਸੈਂਪਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਆਦਰਸ਼ ਨਗਰ ਵਿਖੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਪੀਣ ਵਾਲੇ ਪਾਣੀ ਦੇ ਸੈਂਪਲ ਲਏ ਹਨ ਤੇ ਇਹ ਸੈਂਪਲ ਟੈਸਟਿੰਗ ਲਈ ਲੈਬਾਰਟਰੀ ਭੇਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਪਾਣੀ ਕਾਰਨ ਲੋਕਾਂ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਹੈ। ਖਰਾਬ ਪਾਣੀ ਪੀਣ ਨਾਲ ਲੋਕ ਉਲਟੀਆਂ, ਦਸਤ, ਹੈਜ਼ਾ, ਹੈਪੇਟਾਈਟਸ ਆਦਿ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਪਾਣੀ ਦੇ ਸੈਂਪਲ ਲਏ ਜਾ ਰਹੇ ਹਨ।

          ਇਸ ਟੀਮ ਵਿਚ ਮਾਇਕਰੋਬਾਇਲੋਜਿਸਟ ਪ੍ਰਿੰਸ ਪੁਰੀ, ਸਿਹਤ ਕਰਮਚਾਰੀ ਰਵਿੰਦਰ ਸ਼ਰਮਾ, ਸੁਖਜਿੰਦਰ ਸਿੰਘ, ਪਾਰਸ ਕਟਾਰੀਆ ਤੇ ਗੁਰਪਿੰਦਰ ਸਿੰਘ ਹਾਜ਼ਰ ਸਨ।