Monday, September 22Malwa News
Shadow

ਸਿਵਲ ਸਰਜਨ ਨੇ ਸਿਵਲ ਹਸਪਤਾਲ ਫਾਜ਼ਿਲਕਾ ਦਾ ਦੌਰਾ ਕੀਤਾ, ਡਾਕਟਰ ਮਰੀਜਾਂ ਨੂੰ ਬਾਹਰੀ ਦਵਾਈਆਂ ਨਾ ਲਿਖਣ: ਸਿਵਲ ਸਰਜਨ

ਫਾਜ਼ਿਲਕਾ 3 ਜੁਲਾਈ

ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਸਿਵਲ ਹਸਪਤਾਲ ਅਤੇ ਆਮ ਆਦਮੀ ਕਲੀਨਿਕ ਫਾਜ਼ਿਲਕਾ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਹਰ ਵਾਰਡ, ਫਾਰਮੇਸੀ, ਡਰੱਗ ਸਟੋਰ, ਲੇਬਰ ਰੂਮ ਅਤੇ ਓ.ਪੀ.ਡੀ ਦਾ ਮੌਕੇ ‘ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਤੁਰੰਤ ਹੋਣ ਵਾਲੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੀ ਹੱਲ ਕੀਤਾ ਗਿਆ ਅਤੇ ਬਾਕੀਆਂ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਰੁਟੀਨ ਦੌਰੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਹੁੰਦੇ ਹਨ ਤਾਂ ਜੋ ਸਟਾਫ਼ ਦੀਆਂ ਸਮੱਸਿਆਵਾਂ ਦਾ ਵੀ ਹੱਲ ਕੀਤਾ ਜਾ ਸਕੇ ਅਤੇ ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸਰਕਾਰ ਦੁਆਰਾ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਆਸਾਨੀ ਨਾਲ ਮਿਲ ਸਕਣ।

ਉਨ੍ਹਾਂ ਕਿਹਾ ਕਿ ਛੋਟੇ ਕੇਂਦਰਾਂ ਅਤੇ ਪੀ.ਐਚ.ਸੀ ਅਤੇ ਸੀ.ਐਚ.ਸੀ ਤੋਂ ਰੈਫਰ ਕਰਨ ਤੋਂ ਬਾਅਦ ਮਰੀਜ਼ ਜ਼ਿਲ੍ਹਾ ਹਸਪਤਾਲ ਵਿੱਚ ਆਉਂਦਾ ਹੈ ਅਤੇ ਇੱਥੇ ਹੀ ਉਸ ਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਹਨ, ਇਸ ਲਈ ਜ਼ਰੂਰੀ ਹੈ ਕਿ ਦਵਾਈਆਂ ਅਤੇ ਹੋਰ ਚੀਜ਼ਾਂ ਦਾ ਸਟਾਕ ਵੀ ਪੂਰਾ ਹੋਵੇ ਟੈਸਟਾਂ ਆਦਿ ਲਈ ਆਈਟਮਾਂ ਸਟਾਫ ਲਈ ਉਪਲਬਧ ਹੋਣ। ਇਸ ਤੋਂ ਇਲਾਵਾ ਉਨ੍ਹਾਂ ਮਰੀਜ਼ਾਂ ਨਾਲ ਨਰਮੀ ਨਾਲ ਪੇਸ਼ ਆਉਣ ਦੀ ਅਪੀਲ ਕਰਦਿਆਂ ਸਮੂਹ ਸਟਾਫ਼ ਨੂੰ ਹਦਾਇਤ ਕੀਤੀ ਕਿ ਹਸਪਤਾਲ ਵਿੱਚ ਮਰੀਜ਼ ਪਹਿਲਾਂ ਹੀ ਬਹੁਤ ਪ੍ਰੇਸ਼ਾਨ ਆਉਂਦਾ ਹੈ, ਇਸ ਲਈ ਵਿਭਾਗ ਦਾ ਹਰ ਮੁਲਾਜ਼ਮ ਉਸ ਨੂੰ ਹੌਸਲਾ ਦੇਵੇ ਤਾਂ ਜੋ ਮਰੀਜ਼ ਜਲਦੀ ਠੀਕ ਹੋ ਕੇ ਆਪਣੇ ਘਰ ਵਾਪਸ ਚਲਾ ਜਾਵੇ।

ਇਸ ਦੌਰਾਨ ਸੀਨੀਅਰ ਮੈਡੀਕਲ ਅਫਸਰ ਨੂੰ ਹਦਾਇਤ ਕੀਤੀ ਗਈ ਕਿ ਕੋਈ ਵੀ ਡਾਕਟਰ ਮਰੀਜ਼ ਨੂੰ ਬਾਹਰੀ ਦਵਾਈ ਨਾ ਲਿਖਵਾਵੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਓਪੀਡੀ ਵਿੱਚ ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਲਈ ਵੱਖਰੀ ਲਾਈਨ ਹੋਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਉਨ੍ਹਾਂ ਨੇ ਆਮ ਆਦਮੀ ਕਲੀਨਿਕ ਫਾਜ਼ਿਲਕਾ ਅਤੇ ਕਰਨੀਖੇੜਾ ਦਾ ਦੌਰਾ ਕੀਤਾ ਅਤੇ ਸਟਾਫ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ।