Tuesday, September 23Malwa News
Shadow

ਸਰਕਾਰੀ ਸਿਹਤ ਸੰਸਥਾਵਾਂ ਵਿਚ ਮਨਾਇਆ ਵਿਸ਼ਵ ਆਬਾਦੀ ਦਿਵਸ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਜੁਲਾਈ :

ਜ਼ਿਲ੍ਹੇ ਦੀਆਂ ਵੱਖ ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਅੱਜ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ। ਸੰਸਥਾਵਾਂ ਦੇ ਮੁਖੀਆਂ ਦੀ ਅਗਵਾਈ ਹੇਠ ਸਿਹਤ ਕਾਮਿਆਂ ਨੇ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕੀਤੀਆਂ। ਸਿਵਲ ਸਰਜਨ ਡਾ.ਦਵਿੰਦਰ ਕੁਮਾਰ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਤਮੰਨਾ ਨੇ ਦਸਿਆ ਕਿ ਸਿਹਤ ਸੰਸਥਾਵਾਂ ਵਿਚ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਤੀਮਾਰਦਾਰਾਂ ਨੂੰ ਆਬਾਦੀ ਨੂੰ ਕੰਟਰੋਲ ਕਰਨ ਵਾਸਤੇ ਪਰਿਵਾਰ ਨਿਯੋਜਨ ਦੇ ਵੱਖ-ਵੱਖ ਤਰੀਕਿਆਂ ਬਾਰੇ ਤਫ਼ਸੀਲ ਨਾਲ ਸਮਝਾਇਆ ਗਿਆ। ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੇ ਪੱਕੇ ਅਤੇ ਕੱਚੇ ਸਾਧਨ ਜਿਵੇਂ ਨਸਬੰਦੀ, ਨਲਬੰਦੀ, ਗਰਭ-ਰੋਕੂ ਅੰਤਰਾ ਟੀਕਾ, ਛਾਇਆ ਗੋਲੀ, ਕਾਪਰ-ਟੀ, ਗੋਲੀਆਂ ਅਤੇ ਕੰਡੋਮ ਆਦਿ ਦੀ ਵਰਤੋਂ ਬਾਰੇ ਜਾਣਕਾਰੀ ਦਿਤੀ ਗਈ।

   ਅਧਿਕਾਰੀਆਂ ਨੇ ਦਸਿਆ ਕਿ ਇਸ ਵਾਰ ਵਿਸ਼ਵ ਆਬਾਦੀ ਦਿਵਸ ਨੂੰ ਵੱਖ ਵੱਖ ਹਿੱਸਿਆਂ ਵਿਚ ਮਨਾਇਆ ਜਾ ਰਿਹਾ ਹੈ l ਦੂਜਾ ਪੰਦਰਵਾੜਾ ‘ਜਨਸੰਖਿਆ ਸਥਿਰਤਾ ਪਖਵਾੜਾ’ 11 ਜੁਲਾਈ ਤੋਂ 24 ਜੁਲਾਈ ਤਕ ਚੱਲੇਗਾ। ਇਨ੍ਹਾਂ ਪੰਦਰਵਾੜਿਆਂ ਦੌਰਾਨ ਪਰਿਵਾਰ ਨਿਯੋਜਨ ਦੇ ਵੱਖ-ਵੱਖ ਤਰੀਕਿਆਂ ਬਾਰੇ ਜਾਗਰੂਕਤਾ ਵਧਾਉਣ ਦੇ ਨਾਲ-ਨਾਲ ਲੋਕਾਂ ਨੂੰ ਦੇਰੀ ਨਾਲ ਵਿਆਹ ਕਰਨ ਦੇ ਨੁਕਸਾਨ, ਦੋ ਬੱਚਿਆਂ ਦੇ ਜਨਮ ਵਿਚਾਲੇ ਵਾਜਬ ਅੰਤਰਾਲ, ਪਰਿਵਾਰ ਨਿਯੋਜਨ ਵਿਚ ਮਰਦਾਂ ਦੀ ਹਿੱਸੇਦਾਰੀ, ਗਰਭਪਾਤ ਤੋਂ ਬਾਅਦ ਪਰਿਵਾਰ ਨਿਯੋਜਨ ਸਮੇਤ ਵੱਖ-ਵੱਖ ਵਿਸ਼ਿਆਂ ’ਤੇ ਜਾਣਕਾਰੀ ਦਿਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਇਸ ਵਾਰ ਦੇ ਵਿਸ਼ਵ ਆਬਾਦੀ ਦਿਵਸ ਦਾ ਨਾਹਰਾ ਹੈ-ਵਿਕਸਤ ਭਾਰਤ ਦੀ ਨਵੀਂ ਪਛਾਣ,ਪਰਿਵਾਰ ਨਿਯੋਜਨ ਹਰੇਕ ਦੰਪਤੀ ਦੀ ਸ਼ਾਨ ‘l

ਪਹਿਲੇ ਪੰਦਰਵਾੜੇ ਦੌਰਾਨ ਜਾਗਰੂਕਤਾ ਗਤੀਵਿਧੀਆਂ ਕਰਨ ਦੇ ਨਾਲ-ਨਾਲ ਯੋਗ ਜੋੜਿਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਪਰਵਾਰ ਨਿਯੋਜਨ ਦੇ ਪੱਕੇ ਸਾਧਨ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਜਦਕਿ ਦੂਜੇ ਪੰਦਰਵਾੜੇ ਦੌਰਾਨ ਨਲਬੰਦੀ ਅਤੇ ਨਸਬੰਦੀ ਦੇ ਮੁਫ਼ਤ ਆਪਰੇਸ਼ਨ ਕੀਤੇ ਜਾਣਗੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ.ਰੇਨੂੰ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਸ.ਚੀਮਾ, ਡਾ.ਵਿਜੇ ਭਗਤ, ਡਾ. ਇਸ਼ਾ  ਆਦਿ ਮੌਜੂਦ ਸਨ l