
ਬਠਿੰਡਾ, 15 ਜੁਲਾਈ : ਸਥਾਨਕ ਖੇਤਰੀ ਖੋਜ ਕੇਂਦਰ, ਸੀਫਾ ਨੇ ਰਾਸ਼ਟਰੀ ਮੱਛੀ ਕਿਸਾਨ ਦਿਵਸ ਮਨਾਇਆ। ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਆਰ.ਕੇ. ਕਟਾਰੀਆ, ਸਾਬਕਾ ਡਾਇਰੈਕਟਰ ਮੱਛੀ ਪਾਲਣ ਵਿਭਾਗ, ਪੰਜਾਬ ਨੇ “ਪੰਜਾਬ ਵਿੱਚ ਮੱਛੀ ਪਾਲਣ ਦੇ ਮੌਕੇ” ਵਿਸ਼ੇ ‘ਤੇ ਭਾਸ਼ਣ ਦਿੱਤਾ। ਉਨ੍ਹਾਂ ਕਿਸਾਨਾਂ ਨੂੰ ਮੱਛੀ ਪਾਲਣ ਦਾ ਕਿੱਤਾ ਆਧੁਨਿਕ ਤਰੀਕੇ ਨਾਲ ਕਰਨ ਦੀ ਸਲਾਹ ਦਿੱਤੀ, ਉਨ੍ਹਾਂ ਨੇ ਕਿਸਾਨਾਂ ਨੂੰ ਕੁਦਰਤੀ ਵਾਤਾਵਰਣ ਦੀ ਸਥਿਰਤਾ ਦੇ ਨਾਲ ਵੱਧ ਮੁਨਾਫ਼ਾ ਪ੍ਰਾਪਤ ਕਰਨ ਲਈ ਵਿਗਿਆਨਕ ਅਤੇ ਟਿਕਾਊ ਢੰਗ ਨਾਲ ਮੱਛੀ ਪਾਲਣ ਕਰਨ ਦੀ ਵੀ ਅਪੀਲ ਕੀਤੀ।
ਇਸ ਮੌਕੇ ਸ਼੍ਰੀ ਆਰ.ਕੇ. ਕਟਾਰੀਆ, ਸਾਬਕਾ ਡਾਇਰੈਕਟਰ ਮੱਛੀ ਪਾਲਣ ਵਿਭਾਗ, ਪੰਜਾਬ ਨੇ ਕਿਹਾ ਕਿ ਇਹ ਦਿਨ ਡਾਕਟਰ ਕੇ ਐਚ ਅਲੀਕੁਨੀ ਅਤੇ ਡਾ ਐਚ ਐਲ ਚੌਧਰੀ, ਵਿਗਿਆਨੀਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ 1957 ਵਿੱਚ ਇਸ ਦਿਨ ਪ੍ਰੇਰਿਤ ਪ੍ਰਜਨਨ ਤਕਨੀਕ ਦੀ ਖੋਜ ਕੀਤੀ ਸੀ।
ਮੱਛੀ ਪਾਲਣ ਦੀ ਸਿਖਲਾਈ ਪ੍ਰਦਾਨ ਕਰਨ ਤੇ ਪ੍ਰਜਨਨ ਬਾਰੇ ਤਕਨੀਕੀ ਮਾਰਗਦਰਸ਼ਨ, ਆਈਸੀਏਆਰ ਦੁਆਰਾ ਸੀਫਾ ਦਾ ਖੇਤਰੀ ਖੋਜ ਕੇਂਦਰ ਡੱਬਵਾਲੀ ਰੋਡ, ਜੋਧਪੁਰ-ਰੋਮਾਣਾ (ਏਮਜ਼ ਦੇ ਸਾਹਮਣੇ), ਬਠਿੰਡਾ ਵਿਖੇ ਸਥਾਪਿਤ ਕੀਤਾ ਗਿਆ ਹੈ। ਇਸ ਮੌਕੇ ਵਿਗਿਆਨੀ ਇੰਚਾਰਜ ਡਾ. ਮੁਕੇਸ਼ ਕੁਮਾਰ ਬੈਰਵਾ ਨੇ ਸਵਾਗਤੀ ਭਾਸ਼ਣ ਦਿੱਤਾ।
ਰਾਸ਼ਟਰੀ ਮੱਛੀ ਕਿਸਾਨ ਦਿਵਸ ਦੇ ਮੌਕੇ ‘ਤੇ ਸ: ਜਸਕਰਨ ਸਿੰਘ ਚੰਨੂ ਨੂੰ ਮੱਛੀ ਪਾਲਣ ਦੇ ਖੇਤਰ ‘ਚ ਸੀਫਾ ਦੀ ਤਕਨੀਕੀ ਮਦਦ ਨਾਲ ਵਿਗਿਆਨਕ ਤਰੀਕੇ ਨਾਲ ਵਧੀਆ ਮੱਛੀ ਪੈਦਾ ਕਰਨ ਲਈ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦੌਰਾਨ ਕਿਸਾਨਾਂ ਨੇ ਮਾਹਿਰਾਂ ਨਾਲ ਗੱਲਬਾਤ ਕੀਤੀ ਅਤੇ ਮੱਛੀ ਪਾਲਣ ਸਬੰਧੀ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਪੁੱਛਿਆ।
ਡਾ: ਮੁਕੇਸ਼ ਕੁਮਾਰ ਬੈਰਵਾ ਦੇ ਧੰਨਵਾਦ ਦੇ ਮਤੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ। ਇਸ ਮੌਕੇ ਤੇ ਅਗਾਂਹਵਧੂ ਕਿਸਾਨਾਂ ਨੇ ਹਿੱਸਾ ਲਿਆ।