Saturday, November 8Malwa News
Shadow

ਡਿਪਟੀ ਕਮਿਸ਼ਨਰ ਨੇ ਵਾਇਨਾਡ ਵਿਖੇ ਵਾਪਰੀ ਘਟਨਾ ਲਈ ਲੋਕਾਂ ਨੂੰ ਮਦਦ ਦੀ ਕੀਤੀ ਅਪੀਲ

ਫਰੀਦਕੋਟ 31 ਜੁਲਾਈ () ਵਾਇਨਾਡ ਵਿਖੇ 30 ਜੁਲਾਈ ਨੂੰ ਕੁਦਰਤੀ ਆਫਤਾਂ ਕਾਰਨ ਵਾਪਰੇ ਇੱਕ ਭਿਆਨਕ ਹਾਦਸੇ ਦੌਰਾਨ ਮਾਰੇ ਗਏ 150 ਦੇ ਕਰੀਬ ਲੋਕਾਂ ਲਈ ਮਾਲੀ ਸਹਾਇਤਾ ਲਈ ਅਪੀਲ ਕਰਦਿਆਂ ਅੱਜ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਸਮੂਹ ਜਿਲ੍ਹਾ ਵਾਸੀਆਂ, ਸਰਕਾਰ ਦੇ ਨੁਮਾਇੰਦਿਆ ਅਤੇ ਅਫਸਰ ਸਾਹਿਬਾਨਾਂ ਨੂੰ ਮੰਦਭਾਗੀ ਘਟਨਾ ਵਿੱਚ ਜਾਨ ਗੁਆ ਚੁੱਕੇ ਲੋਕਾਂ ਦੇ ਵਾਰਸਾਂ ਲਈ ਮਾਲੀ ਮਦਦ ਕਰਨ ਲਈ ਬਾਰ ਕੋਡ ਅਤੇ ਅਕਾਊਂਟ ਨੰਬਰ ਜਾਰੀ ਕਰਦਿਆਂ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਕੀਤੀ।

ਭਾਵੇਂ ਕਿ ਐਨ.ਡੀ.ਆਰ. ਐਫ. ਦੇ ਜਵਾਨਾਂ ਅਤੇ ਭਾਰਤੀ ਫੋਜ ਵੱਲੋਂ ਕੁਦਰਤੀ ਆਫਤਾਂ ਕਾਰਨ ਫੈਲੀ ਅਫੜਾ-ਤਫੜੀ ਨੂੰ ਕਾਬੂ ਕਰਨ ਵਿੱਚ ਪੁਰਜ਼ੋਰ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ, ਪ੍ਰੰਤੂ ਤੁਹਾਡੇ ਥੋੜ੍ਹੇ ਜਿਹੇ ਪੈਸੇ ਨਾਲ ਮੁਸੀਬਤ ਵਿੱਚ ਫਸੇ ਲੋਕਾਂ ਦੀ ਹੋਰ ਚੰਗੇ ਤਰੀਕੇ ਨਾਲ ਮਦਦ ਕੀਤੀ ਜਾ ਸਕਦੇ ਹੈ। ਉਨ੍ਹਾਂ ਕਿਹਾ ਕਿ ਬੂੰਦ ਬੂੰਦ ਨਾਲ ਘੜਾ ਭਰਦਾ ਹੈ ਅਤੇ ਅੱਜ ਦੁੱਖ ਦੀ ਘੜੀ ਵਿੱਚ ਹਰ ਭਾਰਤ ਵਾਸੀ ਦਾ ਫਰਜ਼ ਬਣਦਾ ਹੈ ਕਿ ਮੁਸੀਬਤ ਨਾਲ ਜੂਝ ਰਹੇ ਕੇਰਲ ਵਾਸੀਆਂ ਦੀ ਹਰ ਹੀਲੇ ਸਹਾਇਤਾ ਕੀਤੀ ਜਾਵੇ, ਕਿਉਂਕਿ ਇਹ ਆਫਤਾਂ ਕਿਸੇ ਵੇਲੇ ਕਿਸੇ ਤੇ ਵੀ ਆ ਸਕਦੀ ਹੈ।

ਉਨ੍ਹਾਂ ਕਿਹਾ ਕਿ ਤੁਹਾਡੇ ਵੱਲੋਂ ਕੀਤੀ ਗਈ ਮਾਲੀ ਸਹਾਇਤਾ ਮੁੱਖ ਮੰਤਰੀ ਰਾਹਤ ਕੋਸ਼ ਵਿੱਚ ਜਾਵੇਗੀ ਜਿਸ ਨਾਲ ਰਾਹਤ ਕਾਰਜਾਂ ਵਿੱਚ ਹੋਰ ਤੇਜੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਇਸ ਰਾਹਤ ਕੋਸ਼ ਵਿੱਚ ਮਾਲੀ ਸਹਾਇਤਾ ਭੇਜ ਰਹੇ ਹਨ ਅਤੇ ਸਮੂਹ ਵਿਭਾਗਾਂ ਦੇ ਮੁੱਖੀਆਂ ਅਤੇ ਸਰਕਾਰੀ ਮੁਲਾਜਮਾਂ ਨੂੰ ਉਨ੍ਹਾਂ ਨੇ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣ ਅਤੇ ਹੋਰਾਂ ਨੂੰ ਵੀ ਪ੍ਰੇਰਿਤ ਕਰਨ ,ਤਾਂ ਜੋ ਜਲਦੀ ਤੋਂ ਜਲਦੀ ਕੁਦਰਤੀ ਆਫਤਾਂ ਵਿੱਚ ਆਏ ਲੋਕਾਂ ਦੀ ਮਦਦ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਕੇਰਲ ਨੂੰ ਇਸ ਸਮੇਂ ਕਾਫੀ ਆਰਥਿਕ ਮਦਦ ਦੀ ਜਰੂਰਤ ਹੈ। ਇਸ ਲਈ ਉਨ੍ਹਾਂ ਜਿਲ੍ਹੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਮੁਸ਼ਕਿਲ ਦੀ ਘੜੀ ਵਿੱਚ ਕੇਰਲਾ ਲਈ ਆਪਣੀ ਸ਼ਮਤਾ ਨਾਲ ਦਾਨ ਕਰਨ ਤਾਂ ਜੋ ਇਸ ਮੁਸੀਬਤ ਦੀ ਘੜੀ ਵਿੱਚ ਆਏ ਕੇਰਲਾ ਦੇ ਲੋਕਾਂ ਦੀ ਮਦਦ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਜਿਲ੍ਹਾ ਵਾਸੀ ਮੁੱਖ ਮੰਤਰੀ ਸੰਕਟ ਰਾਹਤ ਫੰਡ, ਸਟੇਟ ਬੈਂਕ ਆਫ਼ ਇੰਡੀਆ, ਸਿਟੀ ਬ੍ਰਾਂਚ, ਤਿਰੂਵਨੰਤਪੁਰਮ ਦੇ ਅਕਾਊਂਟ ਨੰਬਰ 67319948232, IFSC: SBIN0070028, ਸਵਿਫਟ ਕੋਡ: SBIINBBT08, ਪੈਨ ਨੰਬਰ AAAGD0584M ਤੇ ਸਿੱਧੇ ਤੌਰ ਤੇ ਮਾਲੀ ਸਹਾਇਤਾ ਭੇਜ ਸਕਦੇ ਹਨ।