Punjab News

ਮਿਸ ਰਮਨ ਦਾ ਗੀਤ ਕੈਨੇਡਾ ਵਿਚ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਕੀਤਾ ਗਿਆਰ ਰਿਲੀਜ਼

ਬਰੈਂਪਟਨ : ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਅਤੇ ਜਗਤ ਪੰਜਾਬੀ ਸਭਾ ਵਲੋਂ ਕੈਨੇਡਾ ਵਿਚ ਬਰੈਂਪਟਨ ਵਿਖੇ ਚੱਲ ਰਹੀ ਤਿੰਨ ਦਿਨਾਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਪਹਿਲੇ ਦਿਨ ਪ੍ਰਸਿੱਧ ਗਾਇਕਾ ਮਿਸ ਰਮਨ ਦਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤ ‘ਪੰਜਾਬੀ ਵਰਣਮਾਲਾ’ ਰਿਲੀਜ਼ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਵਿਦਵਾਨਾਂ ਨੇ ਕਿਹਾ ਕਿ ਅਜੋਕੀ ਪੰਜਾਬੀ ਗਾਇਕੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਕਿਸੇ ਗਾਇਕ ਨੇ ਮਾਂ ਬੋਲੀ ਪੰਜਾਬੀ ਦੇ 35 ਅੱਖਰ ਯਾਦ ਕਰਵਾਉਣ ਲਈ ਗੀਤਾ ਗਾਇਆ ਹੈ।
ਕਾਨਫਰੰਸ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਹਨ। ਉਨ੍ਹਾਂ ਨੇ ਦੱਸਿਆ ਕਿ 9ਵੀਂ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਵੀ ਮਾਂ ਬੋਲੀ ਦੇ ਪਸਾਰ ਲਈ ਯਤਨ ਕੀਤੇ ਜਾ ਰਹੇ ਨੇ। ਉਨ੍ਹਾਂ ਨੇ ਦੱਸਿਆ ਕਿ ਪੰਜਾਬੀ ਦੇ 35 ਅੱਖਰ ਹਰ ਵਰਗ ਦੇ ਪੰਜਾਬੀਆਂ ਨੂੰ ਜ਼ੁਬਾਨੀ ਯਾਦ ਕਰਵਾਉਣ ਲਈ ਮਿਸ ਰਮਨ ਦੀ ਆਵਾਜ਼ ਵਿਚ ਇਹ ਗੀਤ ਤਿਆਰ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਿਸ ਰਮਨ ਦੇ ਇਸ ਗੀਤ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਦਵਿੰਦਰ ਸੰਧੂ ਨੇ ਤਿਆਰ ਕੀਤਾ ਹੈ ਅਤੇ ਇਸ ਗੀਤ ਦੇ ਪ੍ਰੋਡਿਊਸਰ ਨਿਰਮਲ ਸਾਧਾਂਵਾਲੀਆ ਹਨ, ਜਿਨ੍ਹਾਂ ਨੇ ਇਸ ਗੀਤ ਨੂੰ ਹਰ ਪੱਖ ਤੋਂ ਵਧੀਆ ਢੰਗ ਨਾਲ ਰਿਕਾਰਡ ਕਰਵਾਇਆ ਅਤੇ ਇਸ ਗੀਤ ਦੀ ਵੀਡੀਓ ਫਿਲਮਾਈ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਸਿੱਧ ਕਮੇਡੀ ਕਲਾਕਾਰ ਬਾਲ ਮੁਕੰਦ ਸ਼ਰਮਾਂ ਨੇ ਵੀ ਮਿਸ ਰਮਨ ਦੇ ਇਸ ਗੀਤ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਬਹੁਤ ਵੱਡਾ ਕਦਮ ਹੈ, ਜਿਸ ਨਾਲ ਪੰਜਾਬੀ ਮਾਂ ਬੋਲੀ ਨੂੰ ਦੁਨੀਆਂ ਭਰ ਵਿਚ ਪ੍ਰਫੁੱਲਿਤ ਕਰਨ ਵਿਚ ਕਾਮਯਾਬੀ ਮਿਲੇਗੀ। ਇਸ ਮੌਕੇ ਓਂਟਾਰੀਓ ਫਰੈਂਡ ਕਲੱਬ ਬਰੈਂਪਟਨ ਦੇ ਪ੍ਰਧਾਨ ਸੰਤੋਖ ਸਿੰਘ ਸੰਧੂ ਨੇ ਕਿਹਾ ਕਿ ਅੱਜਕੱਲ੍ਹ ਬਹੁਤ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜ਼ੁਬਾਨੀ ਗੁਰਮੁਖੀ ਦੇ 35 ਅੱਖਰ ਯਾਦ ਨਹੀਂ ਹੁੰਦੇ। ਇਸੇ ਮਕਸਦ ਲਈ ਹੀ ਗੀਤ ਤਿਆਰ ਕੀਤਾ ਗਿਆ ਹੈ, ਕਿਉਂਕਿ ਰਿਦਮ ਵਿਚ ਬਹੁਤ ਹੀ ਆਸਾਨੀ ਨਾਲ 35 ਅੱਖਰ ਯਾਦ ਕੀਤੇ ਜਾ ਸਕਦੇ ਹਨ।
ਬਰੈਂਪਟਨ ਵਿਚ 23 ਤੋਂ 25 ਜੂਨ 2023 ਤੱਕ ਚੱਲਣ ਵਾਲੀ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਕਨੇਡਾ ਦੇ ਪ੍ਰੀਮੀਅਰ ਜਸਟਿਨ ਟਰੂਡੋ ਦੇ ਸੰਦੇਸ਼ ਪੜ੍ਹਿਆ ਗਿਆ। ਉਪਰੰਤ ਓਨਟਾਰੀਓ ਸਟੇਟ ਦੇ ਪੰਜਾਬੀ ਸਿਆਸਤਦਾਨ ਮਨਿੰਦਰ ਸਿੰਘ ਸਿੱਧੂ, ਐਮ. ਪੀ., ਸੋਨੀਆ ਸਿੱਧੂ, ਐਮ.ਪੀ., ਰੂਬੀ ਸਹੋਤਾ, ਐਮ.ਪੀ. ਅਤੇ ਸ. ਗੁਰਕੀਰਤ ਸਿੰਘ ਡਿਪਟੀ ਮੇਅਰ, ਬਰੈਪਟਨ ਨੇ ਸੰਬੋਧਨ ਕੀਤਾ। ਇਸਦੇ ਨਾਲ ਹੀ ਸ. ਸੰਤੋਖ ਸਿੰਘ ਸੰਧੂ, ਸ. ਬਲ਼ਜੀਤ ਸਿੰਘ, ਯੂ.ਐਸ.ਏ, ਸ. ਗੁਰਲਾਭ ਸਿੰਘ , ਚਾਂਸਲਰ, ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਸ. ਜਤਿੰਦਰ ਸਿੰਘ ਬੱਲ, ਸਾਬਕਾ ਵਾਈਸ ਚਾਂਸਲਰ ਭਾਗ ਸਿੰਘ ਯੂਨੀਵਰਸਿਟੀ, ਜਲੰਧਰ, ਸ. ਅਜੈਬ ਸਿੰਘ ਚੱਠਾ, ਚੈਅਰਮੈਨ ਨੇ ਆਪਣੇ ਵਿਚਾਰਾਂ ਨਾਲ ਕਾਨਫ੍ਰੰਸ ਨੂੰ ਸਾਰਥਕ ਬਣਾਉਣ ਪ੍ਰਤੀ ਵਿਚਾਰ ਰੱਖੇ । ਡਾ. ਦਲਜੀਤ ਸਿੰਘ, ਸਾਬਕਾ ਵਾਈਸਚਾਂਸਲਰ ਰਾਇਤ ਬਾਹਰਾ ਯੂਨੀਵਰਸਿਟੀ ਨੇ ਕੀ-ਨੋਟ ਨਾਲ ਸੰਬੋਧਤ ਕੀਤਾ। ਜਨਰਲ ਹਰਬਖਸ਼ ਸਿੰਘ ਦੇ ਜੀਵਨ ‘ਤੇ ਆਧਾਰਤ ਡਾਕੂਮੈਂਟਰੀ ਦੀ ਸਕ੍ਰੀਨਿੰਗ ਕੀਤੀ ਗਈ। ਸਮਾਗਮ ਦਾ ਸੰਚਾਲਨ ਸ. ਸਰਦੂਲ ਸਿੰਘ ਥਿਆੜਾ, ਪ੍ਰਧਾਨ, ਜਗਤ ਪੰਜਾਬੀ ਸਭਾ ਨੇ ਕੀਤਾ।

Leave a Reply

Your email address will not be published. Required fields are marked *