ਪੰਜਾਬੀ ਭਵਨ ਕੈਨੇਡਾ ਵਲੋਂ ਰਮਨਦੀਪ ਸਿੰਘ ਸੋਢੀ ਨੂੰ ਕੀਤਾ ਜਾਵੇਗਾ ‘ਗਲੋਬਲ ਪ੍ਰਾਈਡ ਪੰਜਾਬੀ’ ਐਵਾਰਡ ਨਾਲ ਸਨਮਾਨਿਤ
ਸਰੀ : ਪੰਜਾਬੀ ਭਵਨ ਸਰੀ, ਕੈਨੇਡਾ ਵਲੋਂ ਪ੍ਰਸਿੱਧ ਪੰਜਾਬੀ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੂੰ ‘ਗਲੋਬਲ ਪ੍ਰਾਈਡ ਪੰਜਾਬੀ’ ਐਵਾਰਡ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬੀ ਭਵਨ ਦੇ ਮੁਖੀ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਨੂੰ ਸਮਰਪਿਤ ਸੁੱਖੀ ਬਾਠ ਨੇ ਇਸ ਸਬੰਧੀ ਐਲਾਨ ਕੀਤਾ ਕਿ ਸਰੀ ਵਿਖੇ 8 ਅਤੇ 9 ਅਕਤੂਬਰ 2023 ਨੂੰ ਤਾਜ ਪਾਰਕ ਕਨਵੈਨਸ਼ਨ ਸੈਂਟਰ ਸਰੀ, ਕੈਨੇਡਾ ਵਿਖੇ ਕਰਵਾਏ ਜਾ ਰਹੇ ਪੰਜਵੇਂ ਸਲਾਨਾ ਸਮਾਗਮ ਦੌਰਾਨ ਰਮਨਦੀਪ ਸਿੰਘ ਸੋਢੀ ਨੂੰ ਪਰਿਵਾਰ ਸਮੇਤ ਸਨਮਾਨਿਤ ਕੀਤਾ ਜਾਵੇਗਾ।
ਸੁੱਖੀ ਬਾਠ ਨੇ ਦੱਸਿਆ ਕਿ ਰਮਨਦੀਪ ਸਿੰਘ ਸੋਢੀ ਦੀਆਂ ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਬਹੁਤ ਵੱਡੀਆਂ ਪ੍ਰਾਪਤੀਆਂ ਹਨ। ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਉਹ ਇਕੋ ਇਕ ਅਜਿਹਾ ਪੱਤਰਕਾਰ ਹੈ ਜਿਸ ਨੇ ਭਾਰਤ ਤੋਂ ਇਲਾਵਾ ਕੈਨੇਡਾ, ਆਸਟਰੇਲੀਆ, ਇੰਗਲੈਂਡ, ਨਿਊਜ਼ੀਲੈਂਡ, ਦੁਬਈ ਸਮੇਤ ਵੱਖ ਵੱਖ ਦੇਸ਼ਾਂ ਵਿਚ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਕੰਮ ਕੀਤਾ। ਉਹ ਇਕਲੌਤਾ ਪੰਜਾਬੀ ਪੱਤਰਕਾਰ ਹੈ ਜਿਸ ਨੇ ਦੁਬਈ ਦੇ ਸ਼ੇਖਾਂ ਨਾਲ ਇੰਟਰਵਿਊਜ਼ ਕੀਤੀਆਂ। ਰਮਨਦੀਪ ਸਿੰਘ ਸੋਢੀ ਨੇ ਕੈਨੇਡਾ ਦੀ ਰਾਜਨੀਤੀ ਵਿਚ ਸਰਗਰਮ ਪੰਜਾਬੀ ਨੇਤਾਵਾਂ ਨਾਲ ਵੀ ਇੰਟਰਵਿਊਜ਼ ਕੀਤੀਆਂ ਅਤੇ ਪੂਰੀ ਪੰਜਾਬੀ ਕਮਿਊਨਿਟੀ ਦਾ ਮਾਨ ਉੱਚਾ ਕੀਤਾ। ਉਸਦੇ ਪ੍ਰਸਿੱਧ ਸ਼ੋਅ ‘ਨੇਤਾ ਜੀ ਸਤਿ ਸ੍ਰੀ ਆਕਾਲ’ ਅਤੇ ‘ਜਨਤਾ ਦੀ ਸੱਥ’ ਬਹੁਤ ਹੀ ਲੋਕਪ੍ਰਿਆ ਹੋਏ ਹਨ। ਸੁੱਖੀ ਬਾਠ ਨੇ ਦੱਸਿਆ ਕਿ ਰਮਨਦੀਪ ਸਿੰਘ ਸੋਢੀ ਪੰਜਾਬੀ ਡਿਜੀਟਲ ਪੱਤਰਕਾਰੀ ਵਿਚ ਆਪਣੀ ਬੇਬਾਕ, ਨਿਡਰ ਅਤੇ ਨਿਰਪੱਖ ਪੱਤਰਕਾਰੀ ਨਾਲ ਟਰੈਂਡ ਸੈਟਲਰ ਸਾਬਤ ਹੋਇਆ ਹੈ। ਇਸ ਲਈ ਪੰਜਾਬੀ ਭਵਨ ਦੀ ਪੂਰੀ ਟੀਮ ਨੇ ਉਸਦੀਆਂ ਸੇਵਾਵਾਂ ਦੀ ਕਦਰ ਕਰਦਿਆਂ ਉਸ ਨੂੰ ‘ਗਲੋਬਲ ਪ੍ਰਾਈਡ ਪੰਜਾਬੀ’ ਐਵਾਰਡ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਰਮਨਦੀਪ ਸਿੰਘ ਸੋਢੀ ਦੇ ਪੂਰੇ ਪਰਿਵਾਰ ਨੂੰ ਵੀ ਸਮਾਗਮ ਵਿਚ ਬੁਲਾ ਕੇ ਸਨਮਾਨਿਤ ਕੀਤਾ ਜਾਵੇਗਾ।
