Thursday, November 7Malwa News
Shadow

10,000 ਰੁਪਏ ਰਿਸ਼ਵਤ ਦੀ ਦੂਜੀ ਕਿਸ਼ਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਚੰਡੀਗੜ੍ਹ 18 ਜੁਲਾਈ, 2024- 

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਦੌਰਾਨ ਥਾਣਾ ਗੁਰੂਹਰਸਹਾਏ, ਜ਼ਿਲਾ ਫਿਰੋਜਪੁਰ ਵਿਖੇ ਤਾਇਨਾਤ ਏ.ਐਸ.ਆਈ. ਗੁਰਦੀਪ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਹਾਸਲ ਕਰਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ।

ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਵਿਜੀਲੈਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਏ.ਐਸ.ਆਈ. ਨੂੰ ਸ਼ਿਕਾਇਤਕਰਤਾ ਗੁਰਮੀਤ ਸਿੰਘ ਵਾਸੀ ਪਿੰਡ ਖੁੰਦੜ ਉਤਾੜ, ਜਿਲਾ ਫਿਰੋਜਪੁਰ ਵੱਲੋਂ ਦਰਜ ਕਰਵਾਏ ਬਿਆਨਾਂ ਅਤੇ ਪੇਸ਼ ਰਿਕਾਰਡਿੰਗ ਦੇ ਅਧਾਰ ਉਪਰ ਗ੍ਰਿਫਤਾਰ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਦੱਸਿਆ ਕਿ ਉਸਦੇ ਛੋਟੇ ਭਰਾ ਉਪਰ ਇੱਕ ਮੁਕੱਦਮਾ ਥਾਣਾ ਗੁਰੂਹਰਸਹਾਏ ਵਿੱਚ ਦਰਜ ਸੀ ਜਿਸ ਵਿੱਚ ਰਾਜੀਨਾਮਾ ਹੋ ਗਿਆ ਸੀ ਪ੍ਰੰਤੂ ਉਸ ਕੇਸ ਵਿੱਚ ਸ਼ਿਕਾਇਤਕਰਤਾ ਨੇ ਉਸੇ ਮੁਕੱਦਮੇ ਦੇ ਸਬੰਧ ਵਿੱਚ ਥਾਣੇ ਵਿਖੇ ਦੁਬਾਰਾ ਇੱਕ ਦਰਖਾਸਤ ਦੇ ਦਿੱਤੀ ਜਿਸ ਦੀ ਪੜਤਾਲ ਦੌਰਾਨ ਉਕਤ ਏ.ਐਸ.ਆਈ ਗੁਰਦੀਪ ਸਿੰਘ ਨੇ ਉਸਦੇ ਭਰਾ ਨੂੰ ਥਾਣੇ ਬੁਲਾ ਕੇ ਬਿਠਾ ਲਿਆ ਅਤੇ ਉਸਨੂੰ ਛੱਡਣ ਦੇ ਇਵਜ਼ ਵਿੱਚ 1,50,000 ਰੁਪਏ ਦੀ ਮੰਗ ਕੀਤੀ। ਪਰੰਤੂ ਸ਼ਿਕਾਇਤਕਰਤਾ ਧਿਰ ਵੱਲੋੰ ਏਨੀ ਰਿਸ਼ਵਤ ਨਾ ਦੇਣ ਕਾਰਨ ਉਸਦੇ ਭਰਾ ਦੀ ਗ੍ਰਿਫਤਾਰੀ ਪਾ ਦਿੱਤੀ ਗਈ। ਉਪਰੰਤ 7 ਦਿਨ ਦਾ ਰਿਮਾਂਡ ਹਾਸਲ ਕਰਨ ਅਤੇ ਜਮਾਨਤ ਨਾ ਹੋਣ ਦੇਣ ਦਾ ਡਰਾਵਾ ਦੇ ਕੇ ਸ਼ਿਕਾਇਤਕਰਤਾ ਪਾਸੋਂ 10000 ਰੁਪਏ ਰਿਸ਼ਵਤ ਵਜੋਂ ਲੈ ਲਏ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਏ.ਐਸ.ਆਈ. ਗੁਰਮੀਤ ਸਿੰਘ ਉਸਦੇ ਭਰਾ ਦੇ ਫੋਨ ਅਤੇ ਪਰਸ ਨੂੰ ਮੁਕੱਦਮੇ ਵਿੱਚ ਨਾ ਪਾਉਣ ਬਦਲੇ 10,000 ਰੁਪਏ ਦੀ ਹੋਰ ਮੰਗ ਕਰਨ ਲੱਗ ਪਿਆ, ਜਿਸ ਦੀ ਸ਼ਿਕਾਇਤਕਰਤਾ ਵੱਲੋਂ ਰਿਕਾਰਡਿੰਗ ਕਰ ਲਈ ਗਈ।

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਰੇਂਜ ਫਿਰੋਜਪੁਰ ਦੇ ਥਾਣੇ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਮੁਕੱਦਮਾ ਦਰਜ ਕਰਕੇ ਦੋਸ਼ੀ ਏ.ਐਸ.ਆਈ. ਗੁਰਮੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਸ਼ਿਕਾਇਤਕਰਤਾ ਕੋਲੋਂ 10,000 ਰਿਸ਼ਵਤ ਹਾਸਿਲ ਕਰਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਅਤੇ ਇਸ ਕੇਸ ਦੀ ਅਲਗੇਰੀ ਤਫਤੀਸ਼ ਜਾਰੀ ਹੈ।