
ਫਾਜਿਲਕਾ 14 ਅਗਸਤ
ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਦੀ ਪ੍ਰਧਾਨਗੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਪਾਣੀ ਅਤੇ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਅਧਿਆਪਿਕਾਂ ਅਤੇ ਬੱਚਿਆਂ ਨੂੰ ਜਾਗਰੂਕ ਸਮਾਗਮ ਕੀਤਾ। ਇਸ ਸਮੇਂ ਪ੍ਰਿੰਸੀਪਲ ਜੋਗਿੰਦਰ ਲਾਲ, ਸੰਦੀਪ ਅਨੇਜਾ, ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਣਾ ਦਿਵੇਸ਼ ਕੁਮਾਰ ਹਰਮੀਤ ਸਿੰਘ ਨੇ ਸਮੂਲੀਅਤ ਕੀਤੀ। ਡਾ ਚੰਦਰ ਸ਼ੇਖਰ ਕੱਕੜ ਨੇ ਵਾਟਰ ਬੌਰਨ ਅਤੇ ਵੈਕਟਰ ਬੌਰਨ ਬਿਮਾਰੀਆਂ, ਗੈਰ—ਸੰਚਾਰੀ ਰੋਗਾਂ, ਸਟਾਪ ਡਾਇਰੀਆ ਮੁਹਿੰਮ ਅਤੇ ਚੰਗੇ ਨਾਗਿਰਕ ਬਣਨ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ।
ਡਾ ਚੰਦਰ ਸ਼ੇਖਰ ਨੇ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਮੱਛਰ ਦੀ ਪੈਦਾਇਸ ਵੱਧ ਜਾਣ ਕਾਰਣ ਬਹੁਤ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ। ਇਸ ਲਈ ਅਸੀਂ ਸਾਵਧਾਨੀਆਂ ਵਰਤ ਕੇ ਇਨ੍ਹਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਉਹਨਾਂ ਦੱਸਿਆ ਕਿ ਪੀਣ ਲਈ ਸਿਰਫ ਸਾਫ ਪਾਣੀ ਦੀ ਵਰਤੋਂ ਕੀਤੀ ਜਾਵੇ, ਪੀਣ ਵਾਲੇ ਪਾਣੀ ਨੂੰ ਉਬਾਲ ਕਰਕੇ ਠੰਡਾ ਕਰਕੇ ਪੀਣ ਲਈ ਵਰਤਿਆ ਜਾਵੇ, ਇਨਫੈਕਸ਼ਨ ਨੂੰ ਕੰਟਰੋਲ ਕਰਨ ਲਈ ਸਮੇਂ ਸਮੇਂ ਤੇ ਸਾਬਣ ਅਤੇ ਪਾਣੀ ਨਾਲ ਹੱਥ ਧੋਤੇ ਜਾਣ, ਕੱਟੀਆਂ ਸਬਜ਼ੀਆਂ ਅਤੇ ਫ਼ਲ ਖਾਣ ਤੋਂ ਪ੍ਰਹੇਜ਼ ਕੀਤਾ ਜਾਵੇ, ਖਾਣ ਪੀਣ ਵਾਲੀਆਂ ਵਸਤਾਂ ਹਮੇਸ਼ਾ ਢੱਕ ਕੇ ਰੱਖੋ। ਜਿਆਦਾ ਪੱਕੇ ਹੋਏ ਜਾਂ ਕੱਟੇ ਹੋਏ ਫ਼ਲ ਜਾਂ ਸਬਜ਼ੀਆਂ ਨਹੀਂ ਖਰੀਦਣੀਆਂ ਚਾਹੀਦੀਆਂ। ਘਰ ਦਾ ਬਣਿਆ ਹੋਇਆ ਤਾਜ਼ਾ ਖਾਣਾ ਹੀ ਖਾਣਾ ਚਾਹੀਦਾ ਹੈ। ਮੱਖੀਆਂ ਤੋਂ ਬਚਾਅ ਲਈ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਖਾਣਾ ਬਣਾਉਣ, ਖਾਣਾ ਖਾਣ, ਵਰਤਾਉਣ ਤੋਂ ਪਹਿਲਾਂ ਅਤੇ ਸੌਚ ਜਾਣ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ। ਮੱਛਰਾਂ ਤੋਂ ਬਚਣ ਲਈ ਮੱਛਰਦਾਨੀਆਂ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕੀਤਾ ਜਾਵੇ। ਬਿਮਾਰੀ ਹੋਣ ਦੀ ਸੂਰਤ ਵਿੱਚ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ।ਹਰੇਕ ਹਫ਼ਤੇ ਮੱਛਰ ਪੈਦਾ ਹੋਣ ਵਾਲੇ ਸੋਮਿਆਂ ਨੂੰ ਖਤਮ ਕੀਤਾ ਜਾਵੇ।
ਬਰਸਾਤਾਂ ਦੋਰਾਨ ਦੂਸ਼ਿਤ ਪਾਣੀ ਅਤੇ ਕੀੜਿਆਂ ਦੇ ਕੱਟਣ ਨਾਲ ਚਮੜੀ ਤੇ ਬੈਕਟੀਰੀਅਲ ਇਨਫੈਕਸ਼ਨ ਹੋ ਸਕਦੀ ਹੈ ਇਸ ਲਈ ਪੂਰੀ ਬਾਂਹ ਵਾਲੇ ਕੱਪੜੇ ਪਾਏ ਜਾਣ ਅਤੇ ਪੈਰਾਂ ਵਿਚ ਬੂਟ ਪਾਏ ਜਾਣ, ਇਨਫੈਕਸ਼ਨ ਹੋਣ ਤੇ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ। ਬਰਸਾਤਾਂ ਦੋਰਾਨ ਉਲਟੀਆਂ ਜਾਂ ਦਸਤ ਹੋਣ ਦੀ ਸੂਰਤ ਵਿੱਚ ਓ.ਆਰ.ਐਸ. (ਜੀਵਨ ਰੱਖਿਅਕ ਘੋਲ) ਦੀ ਵਰਤੋਂ ਕਰਨੀ ਚਾਹੀਦੀ ਹੈ, ਜ਼ੋ ਕਿ ਸਿਹਤ ਵਿਭਾਗ ਵੱਲੋਂ ਮੁਫ਼ਤ ਦਿੱਤਾ ਜਾ ਰਿਹਾ ਹੈ। ਆਪਣੀ ਨਿੱਜੀ ਸਫ਼ਾਈ ਅਤੇ ਆਲੇ ਦੁਆਲੇ ਦੀ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇ