Wednesday, February 19Malwa News
Shadow

ਲੱਖਾਂ ਲੋਕ ਜਾਅਲੀ ਵੀਜ਼ਿਆਂ ‘ਤੇ ਪਹੁੰਚ ਗਏ ਵਿਦੇਸ਼

ਨਵੀਂ ਦਿੱਲੀ : ਲੱਖਾਂ ਲੋਕਾਂ ਦੇ ਜਾਅਲੀ ਵੀਜ਼ੇ ਲਗਵਾ ਕੇ ਕਰੋੜਾਂ ਰੁਪਿਆ ਕਮਾਉਣ ਵਾਲੇ ਇਕ ਗ੍ਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਦਿੱਲੀ ਪੁਲੀਸ ਵਲੋਂ ਗ੍ਰਿਫਤਾਰ ਕੀਤੇ ਗਏ ਇਸ ਗ੍ਰੋਹ ਦੇ ਮੈ਼ਬਰਾਂ ਨੇ ਕਈ ਦੇਸ਼ਾਂ ਦੇ ਜਾਅਲੀ ਵੀਜ਼ੇ ਤਿਆਰ ਕਰਕੇ ਲੋਕਾਂ ਪਾਸੋਂ ਕਰੋੜਾਂ ਰੁਪਏ ਇਕੱਠੇ ਕੀਤਾ। ਹੈਰਾਨੀਜਨਕ ਤੱਥ ਇਹ ਵੀ ਹਨ ਕਿ ਇਨ੍ਹਾਂ ਜਾਅਲੀ ਵੀਜ਼ਿਆਂ ਦੇ ਆਧਾਰ ‘ਤੇ ਅਨੇਕਾਂ ਲੋਕ ਵਿਦੇਸ਼ਾਂ ਵਿਚ ਵੀ ਜਾ ਚੁੱਕੇ ਹਨ।
ਦਿੱਲੀ ਪੁਲੀਸ ਦੀ ਆਈ ਜੀ ਊਸ਼ਾ ਰੰਗਰਾਣੀ ਨੇ ਇਸ ਸਬੰਧੀ ਦੱਸਿਆ ਕਿ ਦਿੱਲੀ ਦੇ ਤਿਲਕ ਨਗਰ ਵਿਚ ਫਰਜ਼ੀ ਵੀਜ਼ਿਆਂ ਦੇ ਸਟਿੱਕਰ ਬਣਾਉਣ ਵਾਲੀ ਪ੍ਰਿੰਟਿੰਗ ਪ੍ਰੈਸ ਲਗਾਈ ਹੋਈ ਸੀ। ਇਸ ਪ੍ਰਿੰਟਿੰਗ ਪ੍ਰੈਸ ਵਿਚ ਵੱਖ ਵੱਖ ਦੇਸ਼ਾਂ ਦੇ ਜਾਅਲੀ ਵੀਜ਼ਿਆਂ ਦੇ ਸਟਿੱਕਰ ਤਿਆਰ ਕੀਤੇ ਜਾਂਦੇ ਸਨ। ਇਸ ਗ੍ਰੋਹ ਦੇ ਮੈਂਬਰਾਂ ਵਲੋਂ ਵੱਖ ਵੱਖ ਦੇਸ਼ਾਂ ਦੇ ਵੀਜ਼ੇ ਲਗਾਉਣ ਦੇ ਨਾਮ ‘ਤੇ ਲੱਖਾਂ ਰੁਪਏ ਲਏ ਜਾਂਦੇ ਸਨ। ਜਿਸ ਵਿਅਕਤੀ ਤੋਂ ਲੱਖਾਂ ਰੁਪਏ ਲਏ ਜਾਂਦੇ ਸਨ, ਉਸਦੇ ਪਾਸਪੋਰਟ ਉੱਪਰ ਜਾਅਲੀ ਵੀਜ਼ੇ ਦਾ ਸਟਿੱਕਰ ਲਗਾ ਕੇ ਦਿੱਤਾ ਜਾਂਦਾ ਸੀ। ਇਸ ਗ੍ਰੋਹ ਵਲੋਂ ਇੰਨੀ ਹੁਸ਼ਿਆਰੀ ਨਾਲ ਵੀਜ਼ੇ ਦੇ ਸਟਿੱਕਰ ਤਿਆਰ ਕੀਤੇ ਜਾਂਦੇ ਸਨ ਕਿ ਜਾਅਲੀ ਵੀਜ਼ੇ ‘ਤੇ ਵੀ ਅਨੇਕਾਂ ਵਿਅਕਤੀ ਵਿਦੇਸ਼ ਜਾ ਚੁੱਕੇ ਹਨ। ਜਾਅਲੀ ਵੀਜ਼ਿਆਂ ਦੇ ਆਧਾਰ ‘ਤੇ ਹੀ ਇਮੀਗ੍ਰੇਸ਼ਨ ਹੋ ਜਾਂਦੀ ਸੀ।
ਦਿੱਲੀ ਪੁਲੀਸ ਮੁਤਾਬਿਕ ਇਹ ਧੰਦਾ ਪਿਛਲੇ 5 ਸਾਲ ਤੋਂ ਚਲਾਇਆ ਜਾ ਰਿਹਾ ਸੀ। ਹੁਣ ਤੱਕ ਇਸ ਗ੍ਰੋਹ ਨੇ ਲੋਕਾਂ ਤੋਂ ਤਿੰਨ ਕਰੋੜ ਰੁਪਏ ਤੋਂ ਵੀ ਵੱਧ ਦੀ ਰਕਮ ਇਕੱਠੀ ਕੀਤੀ ਜਾ ਚੁੱਕੀ ਹੈ।
ਆਈ ਜੀ  ਊਸ਼ਾ ਰੰਗਰਾਣੀ ਨੇ ਦੱਸਿਆ ਕਿ ਕੁਰੂਕਸ਼ੇਤਰ ਦੇ ਵਾਸੀ ਸੰਦੀਪ ਨਾਮ ਦੇ ਵਿਅਕਤੀ ਨੇ ਇਸ ਗ੍ਰੋਹ ਪਾਸੋਂ ਸ਼ੰਨਗਨ ਵੀਜ਼ਾ ਲਗਵਾਇਆ ਸੀ। ਜਦੋਂ ਉਸ ਨੇ ਇਸ ਵੀਜ਼ੇ ਦੇ ਆਧਾਰ ‘ਤੇ ਇਟਲੀ ਜਾਣ ਦਾ ਪਲੈਨ ਬਣਾਇਆ ਤਾਂ ਏਅਰਪੋਰਟ ‘ਤੇ ਪਹੁੰਚ ਕੇ ਇਮੀਗ੍ਰੇਸ਼ਨ ਅਧਿਕਾਰੀ ਨੇ ਫੜ੍ਹ ਲਿਆ। ਜਦੋਂ ਇਮੀਗ੍ਰੇਸ਼ਨ ਅਧਿਕਾਰੀ ਨੇ ਦੱਸਿਆ ਕਿ ਇਹ ਵੀਜ਼ਾ ਤਾਂ ਜਾਅਲੀ ਹੈ, ਤਾਂ ਸੰਦੀਪ ਇਕਦਮ ਹੈਰਾਨ ਪ੍ਰੇਸ਼ਾਨ ਹੋ ਗਿਆ। ਉਸ ਨੇ 10 ਲੱਖ ਰੁਪਏ ਦੇ ਕੇ ਵੀਜ਼ਾ ਲਗਵਾਇਆ ਸੀ। ਜਦੋਂ ਸੰਦੀਪ ਨੂੰ ਏਅਰਪੋਰਟ ‘ਤੇ ਹੀ ਗ੍ਰਿਫਤਾਰ ਕਰਕੇ ਦਿੱਲੀ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਸੰਦੀਪ ਨੇ ਦੱਸਿਆ ਕਿ ਉਸ ਨੇ ਆਸਿਫ ਨਾਮ ਦੇ ਵਿਅਕਤੀ ਪਾਸੋਂ ਵੀਜ਼ਾ ਲਗਵਾਇਆ ਸੀ। ਪੁਲੀਸ ਨੇ ਆਸਿਫ ਸਮੇਤ 7 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇਸ ਗ੍ਰੋਹ ਦਾ ਪਰਦਾਫਾਸ਼ ਕੀਤਾ ਹੈ।

Basmati Rice Advertisment