ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆਉਂਦੀਆਂ ਹਨ ਅਤੇ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਜੀਠੀਆ ਖਿਲਾਫ ਡਰੱਗ ਮਾਮਲੇ ਵਿਚ ਚੱਲ ਰਹੀ ਜਾਂਚ ਬਾਰੇ ਸਪੈਸ਼ਲ ਜਾਂਚ ਟੀਮ ਪਾਸੋਂ ਵੇਰਵੇ ਮੰਗੇ ਹਨ। ਸਪੈਸ਼ਲ ਜਾਂਚ ਟੀਮ ਦੇ ਸੂਤਰਾਂ ਅਨੁਸਾਰ ਹੁਣ ਈ ਡੀ ਨੇ ਜਾਂਚ ਟੀਮ ਨੂੰ ਇਕ ਪੱਤਰ ਭੇਜ ਕੇ ਮਜੀਠੀਆ ਖਿਲਾਫ ਦਰਜ ਐਫ ਆਈ ਆਰ ਦੀ ਨਕਲ, ਹੁਣ ਤੱਕ ਕੀਤੀ ਗਈ ਜਾਂਚ ਦੀ ਸਥਿੱਤੀ, ਗਵਾਹਾਂ ਦੇ ਬਿਆਨ, ਮਜੀਠੀਆ ਦੇ ਪਰਿਵਾਰਕ ਮੈਂਬਰਾਂ ਦੀਆਂ ਜਾਇਦਾਦਾਂ ਦਾ ਵੇਰਵਾ, ਬੈਂਕ ਖਾਤਿਆਂ ਦੀ ਡਿਟੇਲ, ਜ਼ਮੀਨ ਦਾ ਰਿਕਾਰਡ, ਮਜੀਠੀਆ ਦੀਆਂ ਵੱਖ ਵੱਖ ਕੰਪਨੀਆਂ ਦੇ ਵੇਰਵੇ ਅਤੇ ਇਸ ਕੇਸ ਨਾਲ ਸਬੰਧਿਤ ਹੋਰ ਦਸਤਾਵੇਜ਼ ਮੰਗੇ ਹਨ। ਈਡੀ ਵਲੋਂ ਮੰਗੇ ਗਏ ਵੇਰਵਿਆਂ ਤੋਂ ਸਪਸ਼ਟ ਹੈ ਕਿ ਅਗਲੇ ਦਿਨਾਂ ਵਿਚ ਈ ਡੀ ਵਲੋਂ ਬਿਕਰਮ ਸਿੰਘ ਮਜੀਠੀਆ ਨੂੰ ਵੀ ਤਲਬ ਕੀਤਾ ਜਾ ਸਕਦਾ ਹੈ। ਇਸ ਲਈ ਅਗਲੇ ਦਿਨਾਂ ਵਿਚ ਮਜੀਠੀਆ ਦਾ ਘਿਰਨਾ ਸੁਭਾਵਿਕ ਜਾਪ ਰਿਹਾ ਹੈ ਅਤੇ ਅਕਾਲੀ ਦਲ ਬਾਦਲ ਦੇ ਮਾੜੇ ਦਿਨ ਖਤਮ ਹੁੰਦੇ ਨਜ਼ਰ ਨਹੀਂ ਆ ਰਹੇ।