
ਲਹੌਰ : ਪਹਿਲਾਂ ਮੁਸਲਿਮ ਦੇਸ਼ ਬੰਗਲਾ ਦੇਸ਼ ਵਿਚ ਦੰਗਾ ਫਸਾਦ ਹੋਣ ਪਿਛੋਂ ਹੁਣ ਪਾਕਿਸਤਾਨ ਵਿਚ ਵੀ ਸੱਤਾਧਾਰੀਆਂ ਖਿਲਾਫ ਲੋਕਾਂ ਦਾ ਰੋਹ ਵਧਣ ਲੱਗਾ ਹੈ। ਕੱਲ੍ਹ ਤੋਂ ਭੜਕੀ ਹੋਈ ਭੀੜ ਨੇ ਪਾਕਿਸਤਾਨ ਦੀ ਸੁਪਰੀਮ ਕੋਰਟ ਦੀ ਇਮਾਰਤ ਨੂੰ ਵੀ ਭੰਨ ਦਿੱਤਾ ਅਤੇ ਹੋਰ ਅਨੇਕਾਂ ਥਾਵਾਂ ‘ਤੇ ਸਾੜਫੂਕ ਵੀ ਕੀਤੀ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੂਰੇ ਦੇਸ਼ ਦੇ ਲੋਕ ਸੜਕਾਂ ‘ਤੇ ਆ ਗਏ ਨੇ।
ਪਾਕਿਸਤਾਨ ਤੋਂ ਆ ਰਹੀਆਂ ਰਿਪੋਰਟਾਂ ਅਨੁਸਾਰ ਪੂਰੇ ਦੇਸ਼ ਵਿਚ ਹਾਲਾਤ ਵਿਗੜਦੇ ਹੀ ਜਾ ਰਹੇ ਨੇ। ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਦੇ ਕੰਟਰੋਲ ਤੋਂ ਵੀ ਸਥਿੱਤੀ ਬਾਹਰ ਹੁੰਦੀ ਨਜ਼ਰ ਆ ਰਹੀ ਹੈ। ਇਸੇ ਦੌਰਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਇਕ ਸੰਦੇਸ਼ ਵੀ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਸਪਸ਼ਟ ਤੌਰ ‘ਤੇ ਤਖਤਾ ਪਲਟਣ ਦੀ ਗੱਲ ਕੀਤੀ ਜਾ ਰਹੀ ਹੈ।
ਇਸੇ ਹੀ ਤਰਜ ‘ਤੇ ਪਹਿਲਾਂ ਬੰਗਲਾ ਦੇਸ਼ ਦੀ ਜਨਤ ਵੀ ਵਿਦਰੋਹ ਕਰਨ ਲੱਗੀ ਸੀ ਅਤੇ ਮਜਬੂਰ ਹੋ ਕੇ ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਦੇਸ਼ ਛੱਡ ਕੇ ਭੱਜਣਾ ਪਿਆ ਸੀ। ਇਸੇ ਤਰਾਂ ਹੀ ਹੁਣ ਪਾਕਿਸਤਾਨ ਦੀ ਜਨਤਾ ਵੀ ਪਾਕਿਸਤਾਨ ਸਰਕਾਰ ਖਿਲਾਫ ਸੜਕਾਂ ‘ਤੇ ਆ ਗਈ ਹੈ। ਕਈ ਥਾਵਾਂ ‘ਤੇ ਸਾੜ ਫੂਕ ਵੀ ਕੀਤੀ ਗਈ ਹੈ। ਇਹ ਵੀ ਦੱਸਿਆ ਗਿਆ ਹੈ ਕਿ ਭੜਕੀ ਹੋਈ ਭੀੜ ਨੇ ਸਵਰਗੀ ਪ੍ਰਧਾਨ ਮੰਤਰੀ ਜਿਨਾਹ ਦੇ ਬੁੱਤ ਨੂੰ ਵੀ ਤੋੜ ਦਿੱਤਾ ਹੈ।