Thursday, June 12Malwa News
Shadow

ਬਿਜਲੀ ਚੋਰੀ ਵਿਰੁੱਧ 2 ਦਿਨਾਂ ਮੁਹਿੰਮ ਸਫਲਤਾਪੂਰਵਕ ਮੁਕੰਮਲ ਹੋਈ: ਹਰਭਜਨ ਸਿੰਘ ਈ.ਟੀ.ਓ

ਚੰਡੀਗੜ੍ਹ, 26 ਅਗਸਤ : ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਬਿਜਲੀ ਚੋਰੀ ਦਾ ਪਤਾ ਲਗਾਉਣ ਅਤੇ ਬਿਜਲੀ ਦੀ ਬਚਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚਲਾਈ ਗਈ ਦੋ ਦਿਨਾਂ ਰਾਜ ਵਿਆਪੀ ਚੈਕਿੰਗ ਮੁਹਿੰਮ ਨੂੰ ਸਫਲਤਾਪੂਰਵਕ ਪੂਰਾ ਕਰਨ ਦਾ ਐਲਾਨ ਕੀਤਾ।  ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਨਤੀਜੇ ਵਜੋਂ 50,781 ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ, 3,349 ਮਾਮਲਿਆਂ ਵਿੱਚ ਬਿਜਲੀ ਚੋਰੀ ਦਾ ਪਤਾ ਲਗਾਇਆ ਗਿਆ ਅਤੇ 7.66 ਕਰੋੜ ਰੁਪਏ ਦੇ ਜੁਰਮਾਨੇ ਕੀਤੇ ਗਏ।

ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਇਹ ਪ੍ਰਗਟਾਵਾ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਇਸ ਮੁਹਿੰਮ ਦੇ ਦੂਜੇ ਦਿਨ ਐਤਵਾਰ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦੇ ਡਿਸਟ੍ਰੀਬਿਊਸ਼ਨ ਅਤੇ ਇਨਫੋਰਸਮੈਂਟ ਵਿੰਗ ਨੇ 22,288 ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ, ਚੋਰੀ ਦੇ 1,274 ਕੇਸ ਫੜ੍ਹੇ ਅਤੇ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ‘ਤੇ 3.02 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਗਏ। ਉਨ੍ਹਾਂ ਕਿਹਾ ਕਿ ਬਿਜਲੀ ਚੋਰੀ ਨੂੰ ਪੂਰੀ ਤਰ੍ਹਾਂ ਨੱਥ ਪਾਉਣ ਲਈ ਭਵਿੱਖ ਵਿੱਚ ਵੀ ਅਚਨਚੇਤ ਚੈਕਿੰਗ ਦਾ ਸਿਲਸਿਲਾ ਜਾਰੀ ਰਹੇਗਾ।

ਇਸ ਬਾਰੇ ਵੇਰਵੇ ਦਿੰਦਿਆਂ ਬਿਜਲੀ ਮੰਤਰੀ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ ਦੇ ਡਿਸਟ੍ਰੀਬਿਊਸ਼ਨ ਵਿੰਗ ਨੇ ਦੋ ਦਿਨਾਂ ਦੀ ਮੁਹਿੰਮ ਦੌਰਾਨ ਸੂਬੇ ਦੇ ਵੱਖ-ਵੱਖ ਜ਼ੋਨਾਂ ਵਿੱਚ ਮਹੱਤਵਪੂਰਨ ਨਤੀਜੇ ਹਾਸਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਦੱਖਣੀ ਜ਼ੋਨ (ਪਟਿਆਲਾ), ਕੇਂਦਰੀ ਜ਼ੋਨ (ਲੁਧਿਆਣਾ), ਉੱਤਰੀ ਜ਼ੋਨ (ਜਲੰਧਰ), ਬਾਰਡਰ ਜ਼ੋਨ (ਅੰਮ੍ਰਿਤਸਰ) ਅਤੇ ਪੱਛਮੀ ਜ਼ੋਨ (ਬਠਿੰਡਾ) ਨੇ ਸਮੂਹਿਕ ਤੌਰ ‘ਤੇ 42,396 ਕੁਨੈਕਸ਼ਨਾਂ ਦੀ ਜਾਂਚ ਕੀਤੀ, 3073 ਕੇਸਾਂ ਵਿੱਚ ਚੋਰੀ ਦਾ ਪਤਾ ਲਗਾਇਆ ਅਤੇ 6.68 ਕਰੋੜ ਰੁਪਏ ਦੇ ਜੁਰਮਾਨੇ ਲਗਾਏ।  

ਬਿਜਲੀ ਮੰਤਰੀ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਦੇ ਇਨਫੋਰਸਮੈਂਟ ਵਿੰਗ ਨੇ ਵੀ ਆਪਣੀ ਰਾਜ ਵਿਆਪੀ ਮੁਹਿੰਮ ਦੌਰਾਨ ਅਹਿਮ ਭੂਮਿਕਾ ਨਿਭਾਈ । ਉਨ੍ਹਾਂ ਕਿਹਾ ਕਿ ਇਨਫੋਰਸਮੈਂਟ ਵਿੰਗ ਵੱਲੋਂ 8,385 ਕੁਨੈਕਸ਼ਨਾਂ ਦੀ ਜਾਂਚ ਦੌਰਾਨ 276 ਮਾਮਲਿਆਂ ਵਿੱਚ ਬਿਜਲੀ ਚੋਰੀ ਦਾ ਪਤਾ ਲਗਾਇਆ ਅਤੇ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ਨੂੰ 1.18 ਕਰੋੜ ਰੁਪਏ ਦੇ ਜੁਰਮਾਨੇ ਕੀਤੇ।

ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਇਸ ਦੋ ਦਿਨਾਂ ਚੈਕਿੰਗ ਮੁਹਿੰਮ ਦਾ ਸਫ਼ਲਤਾਪੂਰਵਕ ਸੰਪੰਨ ਹੋਣਾ ਬਿਜਲੀ ਵਿਭਾਗ ਦੇ ਸਾਰਥਕ ਯਤਨਾਂ ਦਾ ਪ੍ਰਮਾਣ ਹੈ।  ਉਨ੍ਹਾਂ ਸਾਰੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਦੀ ਸਮਝਦਾਰੀ ਨਾਲ ਵਰਤੋਂ ਕਰਨ ਅਤੇ ਬਿਜਲੀ ਚੋਰੀ ਦੇ ਕਿਸੇ ਵੀ ਮਾਮਲੇ ਦੀ ਤੁਰੰਤ ਰਿਪੋਰਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਿਜਲੀ ਬਚਤ ਨੂੰ ਉਤਸ਼ਾਹਿਤ ਕਰਨ ਅਤੇ ਬਿਜਲੀ ਚੋਰੀ ਨੂੰ ਰੋਕਣ ਲਈ ਵਚਨਬੱਧ ਹੈ।

Basmati Rice Advertisment