ਬਠਿੰਡਾ : ਸ਼ਹਿਰ ਦੇ ਡੱਬਵਾਲੀ ਰੋਡ ‘ਤੇ ਸਥਿੱਤ ਇਕ ਗੱਦਾ ਫੈਕਟਰੀ ਵਿਚ ਲੱਗੀ ਭਿਆਨਕ ਅੱਗ ਵਿਚ ਤਿੰਨ ਮਜਦੂਰ ਜਿੰਦਾ ਜਲ ਗਏ ਅਤੇ ਕਈ ਹੋਰ ਮਜਦੂਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਅੱਗ ਨੂੰ ਬੁਝਾਉਣ ਲਈ ਆਪ ਪਾਸ ਦੇ ਸ਼ਹਿਰਾਂ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ ਹਨ। ਅੱਗ ਇੰਨੀ ਭਿਆਨਕ ਸੀ ਕਿ ਇਸ ਨਾਲ ਫੈਕਟਰੀ ਦਾ ਸ਼ੈੱਡ ਵੀ ਡਿੱਗ ਪਿਆ। ਇਸ ਭਿਆਨਕ ਅੱਗ ਦੀਆਂ ਲਾਟਾਂ 10 ਕਿੱਲੋਮੀਟਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ।
ਅੱਗ ਦੀ ਸੂਚਨਾ ਮਿਲਦਿਆਂ ਹੀ ਜਿਲਾ ਅਤੇ ਪੁਲੀਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਆਸ ਪਾਸ ਦੇ ਜਿਲਿਆਂ ਤੋਂ ਮੰਗਵਾਈਆਂ ਗਈਆਂ ਫਾਇਰ ਬ੍ਰਿਗੇਡ ਦੀਆਂ 65 ਗੱਡੀਆਂ ਨੇ ਕਈ ਘੰਟੇ ਦੇ ਯਤਨਾਂ ਪਿਛੋਂ ਅੱਗ ਉੱਪਰ ਕਾਬੂ ਪਾਇਆ। ਇਸ ਹਾਦਸੇ ਵਿਚ ਮਾਰੇ ਗਏ ਮਜਦੂਰਾਂ ਦੀ ਪਛਾਣ ਲਖਵੀਰ ਸਿੰਘ, ਨਿੰਦਰ ਸਿੰਘ ਅਤੇ ਵਿਜੇ ਸਿੰਘ ਵਜੋਂ ਕੀਤੀ ਗਈ ਹੈ। ਇਸ ਫੈਕਟਰੀ ਖੜ੍ਹਾ ਇਕ ਟਰੱਕ ਵੀ ਅੱਗ ਦੀ ਲਪੇਟ ਵਿਚ ਆ ਗਿਆ। ਇਸ ਅੱਗ ਹਾਦਸੇ ਵਿਚੋਂ ਬਚ ਗਏ ਮਜਦੂਰਾਂ ਨੇ ਦੱਸਿਆ ਕਿ ਜਦੋਂ ਅੱਗ ਦੀਆਂ ਭਿਆਨਕ ਲਾਟਾਂ ਨਿਕਲਣ ਲੱਗੀਆਂ ਤੋਂ ਉਹ ਭੱਜ ਕੇ ਫੈਕਟਰੀ ਤੋਂ ਬਾਹਰ ਆ ਗਏ, ਪਰ ਉਨ੍ਹਾਂ ਦੇ ਤਿੰਨ ਸਾਥੀ ਅੱਗ ਵਿਚ ਘਿਰ ਗਏ ਅਤੇ ਉਹ ਜਿੰਦਾ ਹੀ ਅੱਗ ਵਿਚ ਸੜ ਗਏ। ਮ੍ਰਿਤਕ ਵਿਅਕਤੀਆਂ ਦੀਆਂ ਲਾਸ਼ਾਂ ਮੌਰਚਰੀ ਵਿਚ ਰੱਖ ਦਿੱਤੀਆਂ ਗਈਆਂ ਹਨ।